ਬਰਮਿੰਘਮ, 7 ਅਗਸਤ
ਭਾਰਤੀ ਮੁੱਕੇਬਾਜ਼ਾਂ ਅਮਿਤ ਪੰਘਾਲ ਤੇ ਨੀਤੂ ਘਣਘਸ ਨੇ ਅੱਜ ਇੱਥੇ ਰਾਸ਼ਟਰ ਮੰਡਲ ਖੇਡਾਂ ’ਚ ਆਪਣਾ ਦਬਦਬਾ ਕਾਇਮ ਰੱਖਦਿਆਂ ਸੋਨ ਤਗ਼ਮੇ ਜਿੱਤ ਲਏ ਹਨ। ਇਨ੍ਹਾਂ ਦੋਵਾਂ ਮੁੱਕੇਬਾਜ਼ਾਂ ਨੇ ਆਪੋ-ਆਪਣੇ ਮੁਕਾਬਲਿਆਂ ’ਚ ਮੇਜ਼ਬਾਨ ਮੁਲਕ ਇੰਗਲੈਂਡ ਦੇ ਖਿਡਾਰੀਆਂ ਨੂੰ ਹਰਾਇਆ। ਪੰਘਾਲ ਨੇ ਇਸ ਤਰ੍ਹਾਂ ਪਿਛਲੇ ਗੇੜ ਦੇ ਚਾਂਦੀ ਦੇ ਤਗ਼ਮੇ ਦਾ ਰੰਗ ਬਿਹਤਰ ਕੀਤਾ ਹੈ। ਉਸ ਨੇ ਪੁਰਸ਼ਾਂ ਦੇ ਫਲਾਈਵੇਟ (48-51 ਕਿਲੋਗ੍ਰਾਮ) ਵਰਗ ’ਚ ਯੂਰੋਪੀ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਮੈਕਡੌਨਲਡ ਕਿਆਰਾਨ ਨੂੰ 5-0 ਦੇ ਫਰਕ ਨਾਲ ਹਰਾਇਆ। ਸਭ ਤੋਂ ਪਹਿਲਾਂ ਰਿੰਗ ’ਚ ਉੱਤਰੀ ਨੀਤੂ ਨੇ ਮਹਿਲਾਵਾਂ ਦੇ ਮਿਨੀਮਮਵੇਟ (45-48 ਕਿਲੋਗ੍ਰਾਮ) ਵਰਗ ਦੇ ਫਾਈਨਲ ਵਿੱਚ ਵਿਸ਼ਵ ਚੈਂਪੀਅਨਸ਼ਿਪ-2019 ਦੀ ਕਾਂਸੀ ਤਗ਼ਮਾ ਜੇਤੂ ਰੈਸਜਟਾਨ ਡੈਮੀ ਜ਼ੈਡ ਨੂੰ ਸਰਬ ਸਹਿਮਤੀ ਨਾਲ ਲਏ ਫ਼ੈਸਲੇ ’ਚ 5-0 ਨਾਲ ਹਰਾਇਆ। ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਅਤੇ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਪੰਘਾਲ ਆਪਣੇ ਛੋਟੇ ਕਦ ਦੇ ਬਾਵਜੂਦ ਮੁਕਾਬਲੇ ’ਚ ਵਿਰੋਧੀ ਖਿਡਾਰੀ ਨਾਲੋਂ ਬਿਹਤਰ ਦਿਖਾਈ ਦਿੱਤਾ। ਪਹਿਲੀਆਂ ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈ ਰਹੀ ਨੀਤੂ ਨੇ ਸ਼ਾਨਦਾਰ ਆਤਮ ਵਿਸ਼ਵਾਸ ਦਿਖਾਇਆ ਅਤੇ ਫਾਈਨਲ ’ਚ ਵੀ ਉਹ ਉਸੇ ਅੰਦਾਜ਼ ’ਚ ਖੇਡੀ ਜਿਵੇਂ ਪਿਛਲੇ ਮੁਕਾਬਲਿਆਂ ’ਚ ਖੇਡੀ ਸੀ। ਉਸ ਨੇ ਪੂਰੇ ਨੌਂ ਮਿੰਟ ਤੱਕ ਮੁਕਾਬਲੇ ’ਚ ਕੰਟਰੋਲ ਬਣਾਈ ਰੱਖਿਆ ਤੇ ਵਿਰੋਧੀ ਖਿਡਾਰੀਆਂ ਨੂੰ ਕੋਈ ਮੌਕਾ ਨਹੀਂ ਦਿੱਤਾ। -ਪੀਟੀਆਈ