ਦੋਹਾ: ਸੀਨੀਅਰ ਭਾਰਤੀ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਅੱਜ ਇੱਥੇ ਆਈਬੀਐੱਸਐੱਫ ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ (ਅੰਕ ਵੰਨਗੀ) ਦੇ ਫਾਈਨਲ ਵਿੱਚ ਹਮਵਤਨ ਸੌਰਵ ਕੋਠਾਰੀ ਨੂੰ 5-0 ਨਾਲ ਹਰਾ ਕੇ ਪੰਜਵੀਂ ਵਾਰ ਦੋਹਰਾ ਖ਼ਿਤਾਬ ਆਪਣੇ ਨਾਮ ਕੀਤਾ ਹੈ। ਇਸ ਜਿੱਤ ਨਾਲ ਅਡਵਾਨੀ ਦੇ ਵਿਸ਼ਵ ਖ਼ਿਤਾਬਾਂ ਦੀ ਗਿਣਤੀ 27 ਹੋ ਗਈ ਹੈ। ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਾਂਗ ਹੀ ਅਡਵਾਨੀ ਨੇ ਅੱਜ ਇੱਥੇ ਕੋਠਾਰੀ ’ਤੇ ਆਪਣਾ ਦਬਦਬਾ ਬਣਾਇਆ। ਅਡਵਾਨੀ ਨੇ ਹਾਲ ਹੀ ਵਿੱਚ 1000 ਅੰਕ ਦੀ ਵੰਨਗੀ ਵਿੱਚ ਕੋਠਾਰੀ ਨੂੰ ਹਰਾਇਆ ਸੀ। ਇਸ 38 ਸਾਲ ਦੇ ਖਿਡਾਰੀ ਨੇ 2005, 2008, 2014 ਅਤੇ 2018 ਵਿੱਚ ਵੀ ਖ਼ਿਤਾਬ ਜਿੱਤੇ ਸਨ। ਇਸ ਤੋਂ ਇਲਾਵਾ ਉਸ ਨੇ 2015 ਵਿੱਚ ਸਨੂਕਰ ਦਾ ਦੋਹਰਾ ਖ਼ਿਤਾਬ ਵੀ ਜਿੱਤਿਆ ਸੀ। ਇਸ ਛੋਟੀ ਵੰਨਗੀ ਵਿੱਚ 150 ਅੰਕ ਦੇ ਫਰੇਮ ਦਾ ‘ਬੈਸਟ ਆਫ ਨਾਈਨ’ ਮੁਕਾਬਲਾ ਸੀ। ਕੋਠਾਰੀ ਨੇ ਪਹਿਲੇ ਫਰੇਮ ਵਿੱਚ ਮਜ਼ਬੂਤ ਸ਼ੁਰੂਆਤ ਕੀਤੀ, ਜਿਸ ਮਗਰੋਂ ਅਡਵਾਨੀ ਨੇ 6-91 ਨਾਲ ਵਾਪਸੀ ਕਰਦਿਆਂ 1-0 ਨਾਲ ਲੀਡ ਬਣਾ ਲਈ। ਅਗਲੇ ਦੋ ਫਰੇਮ ਵਿੱਚ ਅਡਵਾਨੀ ਨੇ 100 ਅੰਕ ਨਾਲ ਦੋ ਬ੍ਰੇਕ ਨਾਲ ਸਕੋਰ 3-0 ਕਰ ਦਿੱਤਾ। -ਪੀਟੀਆਈ