ਟੋਕੀਓ, 4 ਸਤੰਬਰ
ਟੋਕੀਓ ਪੈਰਾਲੰਪਿਕ ਵਿੱਚ ਅੱਜ ਭਾਰਤ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ। ਖੇਡਾਂ ਦੀ ਸਮਾਪਤੀ ਤੋਂ ਇੱਕ ਦਿਨ ਪਹਿਲਾਂ ਭਾਰਤ ਦੇ ਮੌਜੂਦਾ ਬੈਡਮਿੰਟਨ ਵਿਸ਼ਵ ਚੈਂਪੀਅਨ ਪ੍ਰਮੋਦ ਭਗਤ ਨੇ ਅੱਜ ਇਥੇ ਪੁਰਸ਼ਾਂ ਦੇ ਸਿੰਗਲ ਐੱਸਐੱਲ-3 ਵਰਗ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਇਸ ਦੇ ਨਾਲ ਹੀ ਸ਼ੂਟਰ ਮਨੀਸ਼ ਨਰਵਾਲ ਨੇ ਰਿਕਾਰਡ ਸਿਰਜ ਕੇ ਸੋਨ ਤਗ਼ਮਾ ਜਿੱਤਿਆ। ਉਸ ਨੇ ਪੀ-4 ਮਿਕਸਡ 50 ਮੀਟਰ ਪਿਸਟਲ ਐੱਸਐੱਚ 1 ਮੁਕਾਬਲੇ ਵਿੱਚ 218.2 ਅੰਕ ਲੈ ਕੇ ਸੋਨ ਤਗ਼ਮਾ ਹਾਸਲ ਕੀਤਾ। ਇਸੇ ਦੌਰਾਨ ਸਿੰਘਰਾਜ ਅਧਾਨਾ ਨੇ ਮਿਕਸਡ 50 ਮੀਟਰ ਪਿਸਟਲ ਐੱਸਐੱਚ1 ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਫੁੰਡਿਆ ਜਦਕਿ ਮਨੋਜ ਸਰਕਾਰ ਨੇ ਕਾਂਸੀ ਦਾ ਤਗਮਾ ਆਪਣੇ ਨਾਂ ਕੀਤਾ। ਇਸ ਤਰ੍ਹਾਂ ਭਾਰਤ ਨੇ ਹੁਣ ਤੱਕ ਇਨ੍ਹਾਂ ਖੇਡਾਂ ਵਿੱਚ 4 ਸੋਨੇ ਦੇ 7 ਚਾਂਦੀ ਦੇ ਅਤੇ 6 ਕਾਂਸੀ ਦੇ ਤਗ਼ਮੇ ਜਿੱਤ ਕੇ ਕੁੱਲ 17 ਤਗ਼ਮੇ ਜਿੱਤੇ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਐਤਵਾਰ ਨੂੰ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਭਾਰਤੀ ਦਲ ਦੀ ਝੰਡਾਬਰਦਾਰ ਸ਼ੂਟਰ ਅਵਨੀ ਲੇਖਾਰਾ ਹੋਵਗੀ।
ਭਗਤ ਨੇ ਫਾਈਨਲ ਵਿਚ ਬਰਤਾਨੀਆ ਦੇ ਡੇਨੀਅਲ ਬੇਤਲ ਨੂੰ ਹਰਾਇਆ। ਉਸ ਨੇ 45 ਮਿੰਟ ਚੱਲੇ ਰੋਮਾਂਚਕ ਮੁਕਾਬਲੇ ਵਿੱਚ ਬੇਤਲ ਨੂੰ 21-14 ਤੇ 21-17 ਨਾਲ ਹਰਾਇਆ। ਭੁਵਨੇਸ਼ਵਰ ਦਾ 33 ਸਾਲਾ ਖਿਡਾਰੀ ਭਗਤ ਬੈਡਮਿੰਟਨ ਦੇ ਮਿਸ਼ਰਤ ਵਰਗ ਵਿਚ ਵੀ ਕਾਂਸੀ ਤਗਮਾ ਜਿੱਤਣ ਦੀ ਦੌੜ ਵਿਚ ਸ਼ਾਮਲ ਹੈ। ਭਗਤ ਤੇ ਉਸ ਦੀ ਜੋੜੀਦਾਰ ਪਲਕ ਕੋਹਲੀ ਐਤਵਾਰ ਨੂੰ ਪਲੇਅਆਫ ਵਿਚ ਜਾਪਾਨ ਦੇ ਦਾਈਸੁਕੇ ਫੁਜੀਹਾਰਾ ਤੇ ਅਕਿਕੋ ਸੁਗਿਨੋ ਦੀ ਜੋੜੀ ਦਾ ਸਾਹਮਣਾ ਕਰਨਗੇ। ਇਸ ਤੋਂ ਪਹਿਲਾਂ ਇਸ ਜੋੜੀ ਨੂੰ ਸੈਮੀਫਾਈਨਲ ਵਿਚ ਇੰਡੋਨੇਸ਼ੀਆ ਦੇ ਹੈਰੀ ਸੁਸਾਂਤੋ ਤੇ ਲਿਓਨੀ ਆਕਤਿਲਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਪਾਸੇ ਸਰਕਾਰ ਨੇ ਤੀਜੇ ਸਥਾਨ ਦੇ ਪਲੇਅਆਫ ਵਿੱਚ ਜਾਪਾਨ ਦੇ ਦਾਇਸੁਕੇ ਫੁਜੀਹਾਰਾ ਨੂੰ ਹਰਾਇਆ। ਜ਼ਿਕਰਯੋਗ ਹੈ ਕਿ ਬੈਡਮਿੰਟਨ ਨੂੰ ਇਸ ਸਾਲ ਪਹਿਲੀ ਵਾਰ ਪੈਰਾਲੰਪਿਕ ਵਿਚ ਸ਼ਾਮਲ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਭਗਤ ਨੂੰ ਚਾਰ ਸਾਲ ਦੀ ਉਮਰ ਵਿਚ ਪੋਲੀਓ ਨੇ ਆ ਘੇਰਿਆ ਸੀ। ਉਸ ਨੇ ਵਿਸ਼ਵ ਚੈਂਪੀਅਨ ਵਿਚ ਚਾਰ ਸੋਨ ਤਗ਼ਮਿਆਂ ਸਣੇ 45 ਕੌਮਾਂਤਰੀ ਤਗਮੇ ਜਿੱਤੇ ਹਨ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੋਕੀਓ ਪੈਰਾਲੰਪਿਕ ਵਿਚ ਤਗਮਾ ਜੇਤੂ ਮਨੀਸ਼ ਨਰਵਾਲ ਤੇ ਸਿੰਘਰਾਜ ਅਧਾਨਾ ਨੂੰ ਵਧਾਈ ਦਿੱਤੀ। ਨਿਸ਼ਾਨੇਬਾਜ਼ ਮਨੀਸ਼ ਨੇ ਭਾਰਤ ਨੂੰ ਪੈਰਾਲੰਪਿਕ ਵਿਚ ਤੀਜਾ ਸੋਨ ਤਗਮਾ ਜਦਕਿ ਸਿੰਘਰਾਜ ਨੇ ਕਾਂਸੀ ਦਾ ਤਗਮਾ ਜਿਤਾਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਭਾਰਤ ਦਾ ਟੋਕੀਓ ਪੈਰਾਲੰਪਿਕ ਵਿਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਦੂਜੇ ਪਾਸੇ ਦੋਹਾਂ ਖਿਡਾਰੀਆਂ ਨੇ ਪੈਰਾ ਅਥਲੀਟਾਂ ਦੀ ਹੌਸਲਾ-ਅਫਜ਼ਾਈ ਕਰਨ ’ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। -ਪੀਟੀਆਈ