ਨਵੀਂ ਦਿੱਲੀ, 21 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਰਾਜ਼ੀਲ ਵਿੱਚ ਹੋਈ ਡੈੱਫ਼ਲੰਪਿਕ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਦਲ ਦੀ ਮੇਜ਼ਬਾਨੀ ਕੀਤੀ। ਖਿਡਾਰੀਆਂ ਨਾਲ ਗੱਲਬਾਤ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਦੇਸ਼ ਦਾ ਮਾਣ ਅਤੇ ਸਨਮਾਨ ਵਧਾਇਆ ਹੈ। ਆਪਣੀ ਸਰਕਾਰੀ ਰਿਹਾਇਸ਼ ‘ਤੇ ਖਿਡਾਰੀਆਂ ਦੀ ਮੇਜ਼ਬਾਨੀ ਕਰਨ ਤੋਂ ਬਾਅਦ ਤਸਵੀਰ ਸਾਂਝੀ ਕਰਦੇ ਹੋਏ ਉਸ ਨੇ ਟਵਿੱਟਰ ‘ਤੇ ਲਿਖਿਆ, ‘ਮੈਂ ਉਨ੍ਹਾਂ ਚੈਂਪੀਅਨਾਂ ਨਾਲ ਆਪਣੀ ਗੱਲਬਾਤ ਨੂੰ ਕਦੇ ਨਹੀਂ ਭੁੱਲਾਂਗਾ, ਜਿਨ੍ਹਾਂ ਨੇ ‘ਡੈਫਲੰਪਿਕ’ ਵਿੱਚ ਭਾਰਤ ਦਾ ਮਾਣ ਵਧਾਇਆ। ਅਥਲੀਟਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਮੈਂ ਉਨ੍ਹਾਂ ਵਿੱਚ ਜੋਸ਼ ਅਤੇ ਦ੍ਰਿੜਤਾ ਦੇਖ ਸਕਦਾ ਸੀ। ਉਨ੍ਹਾਂ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ।’ ਉਹ ਸਾਰੇ ਅਥਲੀਟਾਂ ਨੂੰ ਮਿਲੇ। ਇਨ੍ਹਾਂ ਵਿੱਚ ਪਟਿਆਲਾ ਨਾਲ ਸਬੰਧਤ ਤੈਰਾਕ ਵੈਭਵ ਰਾਜੌਰੀਆ ਵੀ ਸ਼ਾਮਲ ਸਨ। ਇਸ ਮੌਕੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵੀ ਹਾਜ਼ਰ ਸਨ।