ਟੋਕੀਓ: ਟੋਕੀਓ ਦੇ ਨੀਮ ਸ਼ਹਿਰੀ ਇਲਾਕੇ ਵਿੱਚ ਦੋ ਦਰਜਨ ਪ੍ਰਦਰਸ਼ਨਕਾਰੀਆਂ ਨੇ ਓਲੰਪਿਕ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਦਿਆਂ ਇਨ੍ਹਾਂ ਖੇਡਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਸਥਾਨਕ ਨਿਵਾਸੀਆਂ ਨੇ ਟੋਕੀਓ ਦੇ ਪੱਛਮ ਵਿੱਚ ਚੋਫੂ ਸਟੇਸ਼ਨ ਨੇੜੇ ਪ੍ਰਦਰਸ਼ਨ ਕੀਤਾ। ਇਥੇ ਕੁਝ ਖੇਡ ਕੰਪਲੈਕਸ ਵੀ ਹਨ, ਜਿੱਥੇ ਓਲੰਪਿਕ ਖੇਡਾਂ ਹੋਣੀਆਂ ਹਨ। ਜਾਪਾਨ ਵਿੱਚ ਕੁਝ ਲੋਕ ਸ਼ੁਰੂ ਤੋਂ ਓਲੰਪਿਕ ਖੇਡਾਂ ਕਰਵਾਏ ਜਾਣ ਦਾ ਵਿਰੋਧ ਕਰ ਰਹੇ ਹਨ, ਪਰ ਇਸ ਦੇ ਬਾਵਜੂਦ ਖੇਡ ਮਹਾਕੁੰਭ ਲਈ ਹਰੀ ਝੰਡੀ ਦਿੱਤੀ ਗਈ। ਮੁਲਕ ਦਾ ਸਿਹਤ ਭਾਈਚਾਰਾ ਵੀ ਖੇਡਾਂ ਖਿਲਾਫ਼ ਸੀ। ਖਾਸ ਕਰਕੇ ਪਿਛਲੇ ਮਹੀਨੇ ਯੁਗਾਂਡਾ ਦੇ ਖੇਡ ਦਲ ਦੇ ਦੋ ਮੈਂਬਰਾਂ ਵਿੱਚ ਡੈਲਟਾ ਵਾਇਰਸ ਦਾ ਰੂਪ ਪਾਏ ਜਾਣ ਮਗਰੋਂ ਇਹ ਫ਼ਿਕਰ ਹੋਰ ਵੱਧ ਗਈ ਹੈ। -ਪੀਟੀਆਈ