ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 13 ਨਵੰਬਰ
ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਈ ਜਾ ਰਹੀ ਪੰਜਾਬ ਕਬੱਡੀ ਲੀਗ ਤਹਿਤ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਹਰਸ਼ਾ ਛੀਨਾ ਵਿਚ ਕਰਵਾਏ ਗਏ ਵੱਖ-ਵੱਖ ਜ਼ਿਲ੍ਹਿਆਂ ਦੇ ਕਬੱਡੀ ਮੈਚਾਂ ਦੇ ਫਾਈਨਲ ਮੁਕਾਬਲਿਆਂ ਵਿੱਚ ਜ਼ਿਲ੍ਹਾ ਬਰਨਾਲਾ ਦੀ ਕਬੱਡੀ ਟੀਮ ਫਤਹਿਗੜ੍ਹ ਸਾਹਿਬ ਦੀ ਕਬੱਡੀ ਟੀਮ ਨੂੰ ਮਾਤ ਦੇ ਕੇ ਜੇਤੂ ਰਹੀ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਥਾਨਕ ਕਾਮਰੇਡ ਅੱਛਰ ਸਿੰਘ ਛੀਨਾ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨਾਂ ਵਿਚ ਹੋਏ ਵੱਖ-ਵੱਖ ਜ਼ਿਲ੍ਹਿਆਂ ਦੇ ਮੁਕਾਬਲਿਆਂ ਵਿੱਚ ਕਬੱਡੀ ਖੇਡ ਪ੍ਰੇਮੀਆਂ ਨੂੰ ਦਿਲਕਸ਼ ਮੁਕਾਬਲਿਆਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਸੂਬੇ ਦੇ ਅੱਠ ਜ਼ਿਲ੍ਹਿਆਂ ਦੀਆਂ ਕਬੱਡੀ ਟੀਮਾਂ ਦੇ ਅੱਜ ਸਥਾਨਕ ਸਟੇਡੀਅਮ ਵਿਚ ਹੋਏ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੀ ਟੀਮ, ਜ਼ਿਲ੍ਹਾ ਬਰਨਾਲਾ ਦੀ ਟੀਮ ਨਾਲ ਸੈਮੀਫਾਈਨਲ ਮੁਕਾਬਲੇ ਵਿੱਚ ਬਰਾਬਰ ਰਹਿੰਦਿਆਂ ਅੰਕਾਂ ਦੇ ਆਧਾਰ ’ਤੇ ਮੁਕਾਬਲੇ ਵਿੱਚੋਂ ਬਾਹਰ ਹੋ ਗਈ। ਜ਼ਿਲ੍ਹਾ ਬਰਨਾਲਾ ਦੀ ਟੀਮ ਨੇ ਫ਼ਾਜ਼ਿਲਕਾ ਦੀ ਟੀਮ ਨੂੰ ਵੱਡੇ ਅੰਤਰ ਨਾਲ ਮਾਤ ਦਿੰਦਿਆਂ ਮੁਕਾਬਲੇ ਨੂੰ ਆਪਣੇ ਨਾਂ ਕੀਤਾ।
ਇਸ ਸਮੇਂ ਜੇਤੂ ਟੀਮ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਨਪ੍ਰੀਤ ਸਿੰਘ ਮੱਲ੍ਹੀ, ਸਰਪੰਚ ਕੁਲਦੀਪ ਸਿੰਘ ਵਿਚਲਾ ਕਿਲ੍ਹਾ, ਸਰਪੰਚ ਕੁਲਦੀਪ ਸਿੰਘ ਕੁਕੜਾ ਵਾਲਾ, ਪਰਮਜੀਤ ਸਿੰਘ ਡਾਲਾ, ਦਵਿੰਦਰ ਸਿੰਘ ਸੰਧੂ , ਹਰਪ੍ਰੀਤ ਸਿੰਘ ਬਾਬਾ, ਤੇਜਿੰਦਰ ਸਿੰਘ ਮਿੱਡੂਖੇੜਾ, ਧਰਮ ਸਿੰਘ ਫਤਹਿਗੜ੍ਹ ਸਾਹਿਬ, ਹਰਪ੍ਰੀਤ ਸਿੰਘ ਅੰਮ੍ਰਿਤਸਰ, ਲੈਕਚਰਾਰ ਜਗਜੀਤ ਸਿੰਘ ਛੀਨਾ, ਹਰਜੀਤ ਸਿੰਘ ਮੱਦੀਪੁਰ, ਕਬੱਡੀਕੋਚ ਰਣਜੀਤ ਸਿੰਘ ਖਾਲਸਾ, ਕਬੱਡੀ ਕੋਚ ਮਨਦੀਪ ਸਿੰਘ ਛੀਨਾ ਵੱਲੋਂ ਸਾਂਝੇ ਤੌਰ ’ਤੇ ਸਨਮਾਨਿਆ ਗਿਆ।
ਇਸ ਤੋਂ ਪਹਿਲਾਂ ਹੋਏ ਨਾਕਆਊਟ ਮੁਕਾਬਲਿਆਂ ਵਿੱਚ ਜ਼ਿਲ੍ਹਾ ਰੋਪੜ ਨੇ ਪਠਾਨਕੋਟ, ਜ਼ਿਲ੍ਹਾ ਅੰਮ੍ਰਿਤਸਰ ਨੇ ਕਪੂਰਥਲਾ, ਜ਼ਿਲ੍ਹਾ ਫਾਜ਼ਿਲਕਾ ਨੇ ਫਤਹਿਗੜ੍ਹ ਸਾਹਿਬ ਅਤੇ ਜ਼ਿਲ੍ਹਾ ਮੁਕਤਸਰ ਨੇ ਪਠਾਨਕੋਟ ਨੂੰ ਵੱਡੇ ਅੰਕਾਂ ਨਾਲ ਮਾਤ ਦਿੱਤੀ। ਇਸ ਸਮੇਂ ਹਰਿੰਦਰ ਸਿੰਘ ਕੁਲਦੀਪ ਸਿੰਘ ਇੰਦਰਪਾਲ ਸਿੰਘ ਸੁਖਚੈਨ ਸਿੰਘ ਗਿੱਲ ਸਚਿਨ ਫੁਟਬਾਲਰ ਆਦਿ ਹਾਜ਼ਰ ਸਨ।