ਨਵੀਂ ਦਿੱਲੀ, 8 ਸਤੰਬਰ
ਤਜਰਬੇਕਾਰ ਖੇਡ ਪ੍ਰਸ਼ਾਸਕ ਰਣਧੀਰ ਸਿੰਘ ਓਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਉਨ੍ਹਾਂ ਨੂੰ ਅੱਜ ਇੱਥੇ ਇਸ ਮਹਾਂਦੀਪੀ ਸੰਗਠਨ ਦੀ 44ਵੀਂ ਜਨਰਲ ਅਸੈਂਬਲੀ ਦੌਰਾਨ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ। ਪੰਜ ਵਾਰ ਦੇ ਓਲੰਪਿਕ ਨਿਸ਼ਾਨੇਬਾਜ਼ ਰਣਧੀਰ ਹੀ ਓਸੀਏ ਪ੍ਰਧਾਨ ਦੇ ਅਹੁਦੇ ਲਈ ਇਕਲੌਤੇ ਯੋਗ ਉਮੀਦਵਾਰ ਸਨ। ਉਨ੍ਹਾਂ ਦਾ ਕਾਰਜਕਾਲ 2024 ਤੋਂ 2028 ਤੱਕ ਰਹੇਗਾ। ਉਨ੍ਹਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਹੈ।
ਰਣਧੀਰ ਸਿੰਘ (77) 2021 ਤੋਂ ਓਸੀਏ ਦੇ ਕਾਰਜਕਾਰੀ ਪ੍ਰਧਾਨ ਸਨ। ਉਹ ਕੁਵੈਤ ਦੇ ਸ਼ੇਖ ਅਹਿਮਦ ਅਲ-ਫਾਹਦ ਅਲ-ਸਬਾਹ ਦੀ ਥਾਂ ਲੈਣਗੇ। ਸ਼ੇਖ ਅਹਿਮਦ ’ਤੇ ਇਸ ਸਾਲ ਮਈ ਮਹੀਨੇ ਨੈਤਿਕਤਾ ਦੀ ਉਲੰਘਣਾ ਕਾਰਨ ਖੇਡ ਪ੍ਰਸ਼ਾਸਨ ਵੱਲੋਂ 15 ਸਾਲ ਦੀ ਪਾਬੰਦੀ ਲਗਾਈ ਗਈ ਸੀ। ਭਾਰਤੀ ਅਤੇ ਏਸ਼ਿਆਈ ਖੇਡ ਸੰਸਥਾਵਾਂ ਵਿੱਚ ਵੱਖ-ਵੱਖ ਪ੍ਰਸ਼ਾਸਕੀ ਅਹੁਦਿਆਂ ਉੱਤੇ ਰਹਿ ਚੁੱਕੇ ਰਣਧੀਰ ਸਿੰਘ ਨੂੰ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਅਤੇ ਏਸ਼ੀਆ ਦੇ ਸਾਰੇ 45 ਦੇਸ਼ਾਂ ਦੇ ਉੱਚ ਖੇਡ ਪ੍ਰਸ਼ਾਸਕਾਂ ਦੀ ਮੌਜੂਦਗੀ ਵਿੱਚ ਅਧਿਕਾਰਤ ਤੌਰ ’ਤੇ ਓਸੀਏ ਦਾ ਪ੍ਰਧਾਨ ਚੁਣਿਆ ਗਿਆ। ਰਣਧੀਰ ਸਿੰਘ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਖੇਡਾਂ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਦੇ ਚਾਚਾ ਮਹਾਰਾਜਾ ਯਾਦਵਿੰਦਰ ਸਿੰਘ ਭਾਰਤ ਲਈ ਟੈਸਟ ਕ੍ਰਿਕਟ ਖੇਡਦੇ ਸਨ ਅਤੇ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਮੈਂਬਰ ਸਨ। ਉਨ੍ਹਾਂ ਦੇ ਪਿਤਾ ਭਲਿੰਦਰ ਸਿੰਘ ਵੀ ਫਸਟ ਕਲਾਸ ਕ੍ਰਿਕਟਰ ਸਨ। ਉਹ 1947 ਅਤੇ 1992 ਦਰਮਿਆਨ ਆਈਓਸੀ ਮੈਂਬਰ ਰਹੇ ਸਨ। ਰਣਧੀਰ ਸਿੰਘ ਵੀ 2001 ਤੋਂ 2014 ਤੱਕ ਆਈਓਸੀ ਦੇ ਮੈਂਬਰ ਰਹੇ ਸਨ। ਇਸ ਮਗਰੋਂ ਉਹ ਆਈਓਸੀ ਨਾਲ ਆਨਰੇਰੀ ਮੈਂਬਰ ਵਜੋਂ ਜੁੜੇ ਰਹੇ। ਓਸੀਏ ਦੀ ਮਹਾਸਭਾ ਦੌਰਾਨ ਪ੍ਰਧਾਨ, ਪੰਜ ਖੇਤਰ ਦੇ ਪੰਜ ਮੀਤ ਪ੍ਰਧਾਨ ਅਤੇ ਕਾਰਜਕਾਰੀ ਬੋਰਡ ਦੇ ਪੰਜ ਮੈਂਬਰਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। -ਪੀਟੀਆਈ
ਰਣਧੀਰ ਸਿੰਘ ਵੱਲੋਂ ਟੀਮ ਨੂੰ ਵਧਾਈ
ਰਣਧੀਰ ਸਿੰਘ ਨੇ ਓਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਦਾ ਪ੍ਰਧਾਨ ਚੁਣੇ ਜਾਣ ਮਗਰੋਂ ਕਿਹਾ, ‘‘ਮੇਰੀ ਪੂਰੀ ਟੀਮ ਨੂੰ ਵਧਾਈ। ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ। ਏਸ਼ੀਆ ਇੱਕ ਪਰਿਵਾਰ ਹੈ। ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਅਸੀਂ ਲੰਮੇ ਸਮੇਂ ਤਕ ਇਸ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗੇ।’’