ਟੋਕੀਓ, 7 ਅਗਸਤ
ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਸਾਥੀ ਖਿਡਾਰਨ ਵੰਦਨਾ ਕਟਾਰੀਆ ਦੇ ਪਰਿਵਾਰ ਖ਼ਿਲਾਫ਼ ਕੀਤੀ ਗਈ ਕਥਿਤ ਜਾਤੀਸੂਚਕ ਟਿੱਪਣੀ ਦੀ ਨਿਖੇਧੀ ਕਰਦਿਆਂ ਇਸ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਵੰਦਨਾ ਨੇ ਓਲੰਪਿਕ ਦੌਰਾਨ ਚਾਰ ਗੋਲ ਕੀਤੇ ਸਨ। ਭਾਰਤੀ ਟੀਮ ਬੁੱਧਵਾਰ ਨੂੰ ਅਰਜਨਟੀਨਾ ਖ਼ਿਲਾਫ਼ ਸੈਮੀ ਫਾਈਨਲ ਹਾਰ ਗਈ ਸੀ, ਜਿਸ ਮਗਰੋਂ ਹਰਿਦੁਆਰ ਵਿੱਚ ਵੰਦਨਾ ਦੇ ਘਰ ਦੇ ਬਾਹਰ ਉਸ ਦੇ ਪਰਿਵਾਰ ਖ਼ਿਲਾਫ਼ ਕਥਿਤ ਜਾਤੀਸੂਚਕ ਟਿੱਪਣੀ ਕੀਤੀ ਗਈ। ਰਾਣੀ ਨੇ ਵਰਚੁਅਲ ਕਾਨਫਰੰਸ ਵਿੱਚ ਕਿਹਾ, ‘‘ਜੋ ਕੁੱਝ ਹੋਇਆ, ਉਹ ਬਹੁਤ ਗ਼ਲਤ ਹੈ। ਅਸੀਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਏਨੀ ਸਖ਼ਤ ਮਿਹਨਤ ਕਰਦੇ ਹਾਂ। ਇਸ ਤਰ੍ਹਾਂ ਧਰਮ, ਜਾਤ ਦੇ ਆਧਾਰ ’ਤੇ ਭੇਦ-ਭਾਵ ਕਰਨਾ ਬੰਦ ਕਰੋ ਕਿਉਂਕਿ ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਉਪਰ ਉੱਠ ਕੇ ਕੰਮ ਕਰਦੇ ਹਾਂ।’’
ਭਾਰਤੀ ਮਹਿਲਾ ਟੀਮ ਕਾਂਸੀ ਦੇ ਤਗ਼ਮੇ ਦੇ ਪਲੇਆਫ਼ ਵਿੱਚ ਗ੍ਰੇਟ ਬ੍ਰਿਟੇਨ ਤੋਂ 3-4 ਨਾਲ ਹਾਰ ਕੇ ਚੌਥੇ ਸਥਾਨ ’ਤੇ ਰਹੀ। ਰਾਣੀ ਨੇ ਕਿਹਾ, ‘‘ਅਸੀਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਹਾਂ, ਵੱਖ ਵੱਖ ਧਰਮਾਂ ਤੋਂ ਹਾਂ। ਪਰ ਜਦੋਂ ਅਸੀਂ ਇੱਥੇ ਆਉਂਦੇ ਹਾਂ ਤਾਂ ਅਸੀਂ ਭਾਰਤ ਦੀ ਨੁਮਾਇੰਦਗੀ ਕਰਦੇ ਹਾਂ। ਲੋਕਾਂ ਦਾ ਇਸ ਤਰ੍ਹਾਂ ਦਾ ਰਵੱਈਆ ਸ਼ਰਮਨਾਕ ਹੈ।’’ ਉਨ੍ਹਾਂ ਕਿਹਾ, ‘‘ਪਰ ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੇ ਸਾਡੇ ਤਗ਼ਮਾ ਨਾ ਜਿੱਤਣ ਦੇ ਬਾਵਜੂਦ ਸਾਨੂੰ ਏਨਾ ਪਿਆਰ ਦਿੱਤਾ। ਉਨ੍ਹਾਂ ਨੂੰ ਇਨ੍ਹਾਂ ਲੋਕਾਂ ਤੋਂ ਸਿੱਖਣਾ ਚਾਹੀਦਾ ਹੈ। ਜੇ ਅਸੀਂ ਭਾਰਤ ਨੂੰ ਹਾਕੀ ਦਾ ਦੇਸ਼ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰੇ ਲੋਕਾਂ ਦੀ ਲੋੜ ਹੈ।’’ ਖ਼ਬਰਾਂ ਮੁਤਾਬਕ, ਸੈਮੀ ਫਾਈਨਲ ਮੈਚ ਵਿੱਚ ਹਾਰ ਮਗਰੋਂ ਦੋ ਵਿਅਕਤੀਆਂ ਨੇ ਵੰਦਨਾ ਦੇ ਰੋਸ਼ਨਾਬਾਦ ਸਥਿਤ ਘਰ ਦੇ ਬਾਹਰ ਪਟਾਖ਼ੇ ਚਲਾਏ ਅਤੇ ਮਜ਼ਾਕ ਉਡਾਉਂਦਿਆਂ ਡਾਂਸ ਕੀਤਾ ਅਤੇ ਜਾਤੀਸੂਚਕ ਟਿੱਪਣੀ ਕਰਦੇ ਹੋਏ ਭੱਜ ਗਏ। -ਪੀਟੀਆਈ