ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਫਰਵਰੀ
ਅੰਡਰ-19 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਨੂੰ ਮਿਲੀ ਰਿਕਾਰਡ ਪੰਜਵੀਂ ਜਿੱਤ ਵਿੱਚ ਹਰਫ਼ਨਮੌਲਾ ਪ੍ਰਦਰਸ਼ਨ ਲਈ ਰਾਜ ਬਾਵਾ ਨੂੰ ‘ਪਲੇਅਰ ਆਫ ਦਿ ਮੈਚ’ ਦੇ ਐਜਾਜ਼ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਜ ਬਾਵਾ 22 ਸਾਲ ਪਹਿਲਾਂ 2000 ਦੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਵਿੱਚ ‘ਮੈਨ ਆਫ ਦਿ ਮੈਚ’ ਰਹੇ ਰਤਿੰਦਰ ਸੋਢੀ ਦਾ ਚਚੇਰਾ ਭਰਾ ਹੈ। ਰਤਿੰਦਰ ਸੋਢੀ ਨੇ ਦੱਸਿਆ ਕਿ 22 ਸਾਲ ਪਹਿਲਾਂ ਉਸ ਨੇ ਜੋ ਕੀਤਾ ਸੀ, ਉਹੀ ਉਸ ਦੇ ਚਚੇਰੇ ਭਰਾ ਨੇ ਕਰ ਵਿਖਾਇਆ ਹੈ, ਜੋ ਬਹੁਤ ਚੰਗਾ ਅਹਿਸਾਸ ਹੈ।
ਰਤਿੰਦਰ ਸੋਢੀ ਨੇ ਅੰਡਰ-19 ਭਾਰਤੀ ਕ੍ਰਿਕਟ ਟੀਮ ਦੇ ਰਿਕਾਰਡ ਪੰਜਵਾਂ ਵਿਸ਼ਵ ਕੱਪ ਜਿੱਤਣ ਦੀ ਵਧਾਈ ਵੀ ਦਿੱਤੀ। ਰਾਜ ਬਾਵਾ ਨੇ ਬੀਤੇ ਦਿਨ ਹੋਏ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਦੇ ਪੰਜ ਖਿਡਾਰੀਆਂ ਨੂੰ ਆਊਟ ਕਰਕੇ ਅੰਗਰੇਜ਼ ਟੀਮ ਦਾ ਲੱਕ ਤੋੜ ਦਿੱਤਾ ਸੀ। ਇਸ ਉਭਰਦੇ ਖਿਡਾਰੀ ਨੇ ਟੂਰਨਾਮੈਂਟ ਦੌਰਾਨ ਬੱਲੇਬਾਜ਼ੀ ਵਿੱਚ ਵੀ ਕਮਾਲ ਕੀਤਾ। ਸਾਲ 2000 ਵਿੱਚ ਰਤਿੰਦਰ ਸੋਢੀ ਨੇ ਸ੍ਰੀਲੰਕਾ ਦੀ ਟੀਮ ਖ਼ਿਲਾਫ਼ ਫਾਈਨਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।