ਮੁੰਬਈ, 9 ਅਪਰੈਲ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਆਈਪੀਐੱਲ ਦੌਰਾਨ ਮੁੰਬਈ ਇੰਡੀਅਨਜ਼ ਦੇ ਕ੍ਰਿਕਟਰ ਯੁਜਵੇਂਦਰ ਚਾਹਲ ਨੂੰ ਸਾਥੀ ਖਿਡਾਰੀਆਂ ਵੱਲੋਂ ਬਾਲਕੋਨੀ ਵਿੱਚੋਂ ਕਥਿਤ ਲਟਕਾਏ ਜਾਣ ਦੇ ਖੁਲਾਸੇ ਮਗਰੋਂ ਕਿਹਾ ਹੈ ਕਿ ਅਜਿਹਾ ਕਰਨ ਵਾਲੇ ਖਿਡਾਰੀਆਂ ’ਤੇ ਉਮਰ ਭਰ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਯੁਜਵੇਂਦਰ ਚਾਹਲ ਨੇ ਕਿਹਾ ਹੈ ਕਿ 2013 ਵਿੱਚ ਆਈਪੀਐੱਲ ਦੌਰਾਨ ਉਸ ਨੂੰ ਸਾਥੀ ਖਿਡਾਰੀਆਂ ਵੱਲੋਂ ਹੋਟਲ ਦੀ 15ਵੀਂ ਮੰਜ਼ਿਲ ਦੀ ਬਾਲਕੋਨੀ ਵਿੱਚੋਂ ਲਟਕਾਇਆ ਗਿਆ ਸੀ। ਲੈੱਗ ਸਪਿਨਰ ਯੁਜਵੇਂਦਰ ਚਾਹਲ, ਜਿਹੜਾ ਕਿ ਹੁਣ ਰਾਜਸਥਾਨ ਰੌਇਲਜ਼ ਵੱਲੋਂ ਟੀ-20 ਟੂਰਨਾਮੈਂਟ ਖੇਡ ਰਿਹਾ ਹੈ ਨੇ, ਵੀਰਵਾਰ ਨੂੰ ਇੱਕ ਵੀਡੀਓ ਵਿੱਚ ਇਹ ਖੁਲਾਸਾ ਕੀਤਾ ਹੈ ਕਿ ਨਸ਼ੇ ਦੀ ਹਾਲਤ ਵਿੱਚ ਸਾਥੀ ਖਿਡਾਰੀਆਂ ਵੱਲੋਂ ਸਰੀਰਕ ਤੌਰ ’ਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਮਗਰੋਂ ਉਹ ਬੇਹੋਸ਼ ਹੋ ਗਿਆ ਸੀ। ਹਾਲਾਂਕਿ ਉਸ ਨੇ ਵੱਲੋਂ ਕਿਸੇ ਖਿਡਾਰੀ ਦਾ ਨਾਮ ਨਹੀਂ ਲਿਆ ਗਿਆ ਹੈ। ਸਾਬਕਾ ਹਰਫਨਮੌਲਾ ਸ਼ਾਸਤਰੀ ਨੇ ਕਿਹਾ, ‘‘ਇਹ ਘਟਨਾ ਸਵੀਕਾਰ ਕਰਨ ਯੋਗ ਨਹੀਂ ਹੈ।’’ ਸ਼ਾਸਤਰੀ ਨੇ ਈਐੱਸਪੀਐੱਨ ਨਾਲ ਇੱਕ ਇੰਟਰਵਿਊ ਵਿੱਚ ਕਿਹਾ, ‘‘ਕਿਸੇ ਦੀ ਜ਼ਿੰਦਗੀ ਖ਼ਤਰੇ ਵਿੱਚ ਸੀ। ਕੁਝ ਲੋਕਾਂ ਲਈ ਹਾਸੇ ਵਾਲੀ ਗੱਲ ਹੋ ਸਕਦੀ ਹੈ ਪਰ ਮੇਰੇ ਲਈ ਇਹ ਹਾਸੇ ਵਾਲੀ ਗੱਲ ਨਹੀਂ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਅਜਿਹਾ ਕਰਨ ਵਾਲਾ ਵਿਅਕਤੀ ਕਿਸ ਹਾਲਤ ਵਿੱਚ ਹੋਵੇਗਾ…ਇਹ ਠੀਕ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਜੇਕਰ ਅੱਜ ਅਜਿਹਾ ਦੁਬਾਰਾ ਹੁੰਦਾ ਹੈ ਤਾਂ ਇਸ ਵਿੱਚ ਸ਼ਾਮਲ ਵਿਅਕਤੀ ’ਤੇ ਉਮਰ ਭਰ ਪਾਬੰਦੀ ਲਾਈ ਜਾਣੀ ਚਾਹੀਦੀ ਹੈ, ਅਤੇ ਜੇਕਰ ਸੰਭਵ ਹੋਵੇ ਤਾਂ ਉਸ ਨੂੰ ਮੁੜ ਵਸੇਬਾ ਕੇਂਦਰ ਵਿੱਚ ਭੇਜਣਾ ਚਾਹੀਦਾ ਹੈ। ਅਤੇ ਉਸ ਨੂੰ ਕ੍ਰਿਕਟ ਗਰਾਊੁਂਡ ਦੇ ਨੇੜੇ ਨਹੀਂ ਆਉਣ ਦਿੱਤਾ ਜਾਣਾ ਚਾਹੀਦਾ।’’ ਦੂਜੇ ਪਾਸੇ ਇਸ ਸਬੰਧੀ ਆਈਪੀਐੱਲ ਤੇ ਮੁੰਬਈ ਇੰਡੀਅਨਜ਼ ਦੇ ਫ੍ਰੈਂਚਾਈਜ਼ੀ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਯੁਜਵੇਂਦਰ ਚਾਹਲ ਨੂੰ ਖਿਡਾਰੀਆਂ ਨੂੰ ਦੇ ਨਾਵਾਂ ਦਾ ਖੁਲਾਸਾ ਕਰਨ ਲਈ ਆਖਿਆ ਹੈ। –ਰਾਇਟਰਜ਼