ਨਵੀਂ ਦਿੱਲੀ: ਇੰਗਲੈਂਡ ਦੇ ਦੌਰੇ ’ਤੇ ਗਏ 23 ਭਾਰਤੀ ਕ੍ਰਿਕਟਰਾਂ ’ਚੋਂ ਟੀਮ ਦਾ ਵਿਕਟ ਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਕਰੋਨਾ ਪੀੜਤ ਹੋ ਗਿਆ ਹੈ। ਉਹ ਹੁਣ ਟੀਮ ਨਾਲ ਡਰਹਮ ਨਹੀਂ ਜਾਵੇਗਾ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਹਾਲ ਹੀ ਵਿੱਚ ਯੂਕੇ ਵਿੱਚ ਮੌਜੂਦ ਭਾਰਤੀ ਟੀਮ ਨੂੰ ਈ-ਮੇਲ ਭੇਜ ਕੇ ਕੋਵਿਡ-19 ਦੇ ਵਧ ਰਹੇ ਮਾਮਲਿਆਂ ਬਾਰੇ ਚਿਤਾਵਨੀ ਦਿੱਤੀ ਸੀ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਦੱਸਿਆ ਕਿ ਪੰਤ ਨੂੰ ਪਿਛਲੇ ਅੱਠ ਦਿਨਾਂ ਤੋਂ ਇਕਾਂਤਵਾਸ ’ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਥਰੋਅਡਾਊਨ ਮਾਹਿਰ ਦਯਾਨੰਦ ਜਾਰਾਨੀ ਵੀ ਕੋਵਿਡ ਪਾਜ਼ੇਟਿਵ ਆਏ ਹਨ ਜਦਕਿ ਤਿੰਨ ਹੋਰਾਂ ਨੂੰ ਇਕਾਂਤਵਾਸ ’ਚ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਗੇਂਦਬਾਜ਼ ਕੋਚ ਭਰਤ ਅਰੁਣ, ਰਿਜ਼ਰਵ ਵਿਕਟਕੀਪਰ ਰਿਧੀਮਾਨ ਸਾਹਾ ਤੇ ਰਾਖਵੇਂ ਸਲਾਮੀ ਬੱਲੇਬਾਜ਼ ਅਭਿਮੰਨਿਊ ਈਸ਼ਵਰਨ ਸ਼ਾਮਲ ਹਨ। ਇਹ ਸਾਰੇ ਦਯਾਨੰਦ ਦੇ ਸੰਪਰਕ ਵਿੱਚ ਆਏ ਸਨ। ਦਯਾਨੰਦ ਦੀ ਰਿਪੋਰਟ ਅੱਜ ਸਵੇਰੇ ਆਈ ਸੀ। ਹੁਣ ਰੋਜ਼ਾਨਾ ਟੀਮ ਦੀ ਕਰੋਨਾ ਜਾਂਚ ਕੀਤੀ ਜਾਵੇਗੀ। -ਪੀਟੀਆਈ