ਨਵੀਂ ਦਿੱਲੀ: ਓਲੰਪਿਕ ਤਗਮਾ ਜੇਤੂ ਡਿਫੈਂਡਰ ਅਮਿਤ ਰੋਹੀਦਾਸ ਅਗਲੇ ਮਹੀਨੇ ਬੈਲਜੀਅਮ ਅਤੇ ਨੈਦਰਲੈਂਡਜ਼ ਵਿੱਚ ਹੋਣ ਵਾਲੇ ਐੱਫਆਈਐੱਚ ਪ੍ਰੋ ਲੀਗ ਦੇ 2021-21 ਸੀਜ਼ਨ ਦੇ ਆਖਰੀ ਪੜਾਅ ਵਿੱਚ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਨੀ ਜਾਰੀ ਰੱਖੇਗਾ। ਭਾਰਤ ਇਸ ਲੀਗ ਵਿੱਚ 12 ਮੁਕਾਬਲਿਆਂ ’ਚ 27 ਅੰਕ ਲੈ ਕੇ ਸਭ ਤੋਂ ਅੱਗੇ ਹੈ। ਭਾਰਤ 11 ਅਤੇ 12 ਜੂਨ ਨੂੰ ਐਂਟਵਰਪ ਵਿੱਚ ਦੁਨੀਆਂ ਦੇ ਦੂਜੇ ਨੰਬਰ ਦੀ ਟੀਮ ਬੈਲਜੀਅਮ ਨਾਲ ਖੇਡੇਗਾ। ਇਸ ਤੋਂ ਬਾਅਦ ਉਸ ਦਾ ਮੁਕਾਬਲਾ 18 ਅਤੇ 19 ਜੂਨ ਨੂੰ ਨੈਦਰਲੈਂਡਜ਼ ਨਾਲ ਹੋਵੇਗਾ। ਘਰੇਲੂ ਧਰਤੀ ’ਤੇ ਪਿਛਲੇ ਦੋ ਗੇੜਾਂ ਦੀ ਤਰ੍ਹਾਂ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਹੀ ਉਪ ਕਪਤਾਨ ਰਹੇਗਾ। ਬਾਕੀ ਟੀਮ ਵਿੱਚ ਵੀ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ। ਭਾਰਤ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, ‘‘ਇਹ ਐੱਫਆਈਐੱਚ ਹਾਕੀ ਪ੍ਰੋ ਲੀਗ ਦਾ ਸਭ ਤੋਂ ਅਹਿਮ ਪੜਾਅ ਹੈ, ਜਿਸ ਵਿੱਚ ਦੁਨੀਆਂ ਦੀਆਂ ਚੋਟੀ ਦੀਆਂ ਟੀਮਾਂ ਖ਼ਿਲਾਫ਼ ਮੁਕਾਬਲੇ ਉਨ੍ਹਾਂ ਦੇ ਹੀ ਘਰੇਲੂ ਮੈਦਾਨਾਂ ਵਿੱਚ ਖੇਡੇ ਜਾਣਗੇ। ਭਾਰਤ ਵੱਲੋਂ ਘਰੇਲੂ ਮੈਚਾਂ ਦੀ ਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ।’’ -ਪੀਟੀਆਈ