ਨਵੀਂ ਦਿੱਲੀ, 11 ਦਸੰਬਰ
ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਬੰਗਲੌਰ ਦੀ ਕੌਮੀ ਕ੍ਰਿਕਟ ਅਕਾਦਮੀ ਦਾ ਫਿਟਨੈਸ ਟੈਸਟ ਪਾਸ ਕਰ ਲਿਆ ਹੈ ਤੇ ਉਹ ਆਸਟਰੇਲੀਆ ਨਾਲ ਸ਼ੁਰੂ ਹੋ ਰਹੀ ਟੈਸਟ ਲੜੀ ਦੇ ਕੁਝ ਮੈਚ ਖੇਡ ਸਕੇਗਾ। ਭਾਰਤੀ ਕ੍ਰਿਕਟ ਬੋਰਡ ਅਨੁਸਾਰ ਰੋਹਿਤ 14 ਦਸੰਬਰ ਨੂੰ ਆਸਟਰੇਲੀਆ ਰਵਾਨਾ ਹੋਵੇਗਾ ਪਰ ਉਹ 17 ਦਸੰਬਰ ਤੋਂ ਸ਼ੁਰੂ ਹੋ ਰਿਹਾ ਪਹਿਲਾ ਟੈਸਟ ਮੈਚ ਨਹੀਂ ਖੇਡ ਸਕੇਗਾ। ਦੱਸਣਯੋਗ ਹੈ ਕਿ ਰੋਹਿਤ ਨੂੰ ਆਈਪੀਐਲ ਦੇ ਮੈਚ ਵਿਚ ਮਾਸਪੇਸ਼ੀਆਂ ਵਿਚ ਖਿਚਾਅ ਦੀ ਸਮੱਸਿਆ ਆ ਗਈ ਸੀ ਤੇ ਉਸ ਨੇ ਚਾਰ ਮੈਚ ਨਹੀਂ ਖੇਡੇ ਸਨ। ਉਹ ਸੱਟ ਠੀਕ ਨਾ ਹੋਣ ਕਾਰਨ ਆਸਟਰੇਲੀਆ ਨਾਲ ਇਕ ਦਿਨਾ ਤੇ ਟੀ-20 ਲੜੀ ਦਾ ਹਿੱਸਾ ਨਹੀਂ ਬਣ ਸਕਿਆ ਸੀ। ਰੋਹਿਤ ਨੂੰ ਆਸਟਰੇਲੀਆ ਪੁੱਜਣ ’ਤੇ ਇਕਾਂਤਵਾਸ ਕੀਤਾ ਜਾਵੇਗਾ ਜਿਸ ਕਾਰਨ ਉਹ ਪਹਿਲੇ ਦੋ ਟੈਸਟ ਮੈਚ ਨਹੀਂ ਖੇਡ ਸਕੇਗਾ। ਕ੍ਰਿਕਟ ਬੋਰਡ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰੋਹਿਤ ਦਾ ਫਿਟਨੈਸ ਟੈਸਟ ਕੌਮੀ ਕ੍ਰਿਕਟ ਅਕਾਦਮੀ ਦੇ ਨਿਰਦੇਸ਼ਕ ਰਾਹੁਲ ਦ੍ਰਾਵਿੜ ਦੀ ਦੇਖ-ਰੇਖ ਹੇਠ ਹੋਇਆ। ਰੋਹਿਤ ਸਿੱਧਾ ਸਿਡਨੀ ਜਾਵੇਗਾ ਤੇ ਉਥੇ ਹੀ ਇਕ ਹਫਤੇ ਦਾ ਸਿਖਲਾਈ ਕੈਂਪ ਲਾਵੇਗਾ।
-ਪੀਟੀਆਈ