ਨਵੀਂ ਦਿੱਲੀ, 19 ਫਰਵਰੀ
ਰੋਹਿਤ ਸ਼ਰਮਾ ਨੂੰ ਭਾਰਤ ਦੀ ਟੈਸਟ ਕ੍ਰਿਕਟ ਟੀਮ ਦਾ ਨਵਾਂ ਕਪਤਾਨ ਥਾਪਿਆ ਗਿਆ ਹੈ। ਚੋਣਕਾਰਾਂ ਨੇ ਸ੍ਰੀਲੰਕਾ ਖਿਲਾਫ਼ ਲੜੀ ਲਈ ਰੋਹਿਤ ਸ਼ਰਮਾ ਨੂੰ ਇਹ ਨਵੀਂ ਜ਼ਿੰਮੇਵਾਰੀ ਸੌਂਪਣ ਦਾ ਫ਼ੈਸਲਾ ਕੀਤਾ ਹੈ। ਟੈਸਟ ਲੜੀ ਲਈ ਅਜਿੰਕਿਆ ਰਹਾਣੇ, ਚੇਤੇਸ਼ਵਰ ਪੁਜਾਰਾ, ਰਿਧੀਮਾਨ ਸਾਹਾ ਤੇ ਇਸ਼ਾਂਤ ਸ਼ਰਮਾ ਨੂੰ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਚੋਣਕਾਰਾਂ ਦੇ ਚੇਅਰਮੈਨ ਚੇਤਨ ਸ਼ਰਮਾ ਨੇ ਕਿਹਾ ਕਿ ਰੋਹਿਤ ਸ਼ਰਮਾ ਨੂੰ ਟੈਸਟ ਟੀਮ ਦੀ ਕਮਾਨ ਸੌਂਪਣ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ। ਸ੍ਰੀਲੰਕਾ ਖਿਲਾਫ਼ ਟੈਸਟ ਲੜੀ 4 ਮਾਰਚ ਤੋਂ ਸ਼ੁਰੂ ਹੋਵੇਗੀ। ਟੀਮ ਵਿੱਚ ਹਰਫ਼ਨਮੌਲਾ ਰਵਿੰਦਰ ਜਡੇਜਾ ਤੇ ਬੱਲੇਬਾਜ਼ ਸ਼ੁਭਮਨ ਗਿੱਲ ਦੀ ਵਾਪਸੀ ਹੋਈ ਹੈ। ਚੋਣਕਾਰਾਂ ਨੇ ਸ੍ਰੀਲੰਕਾ ਖਿਲਾਫ਼ ਲੜੀ ਲਈ ਟੈਸਟ ਤੇ ਟੀ-20 ਟੀਮਾਂ ਦਾ ਐਲਾਨ ਕੀਤਾ ਹੈ। ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਨਾਂ ਟੈਸਟ ਟੀਮ ’ਚ ਸ਼ਾਮਲ ਹੈ, ਪਰ ਉਨ੍ਹਾਂ ਨੂੰ ਟੀ-20 ਟੀਮ ’ਚੋਂ ਬਾਹਰ ਰੱਖਿਆ ਗਿਆ ਹੈ। -ਪੀਟੀਆਈ