ਨਵੀਂ ਦਿੱਲੀ, 10 ਅਗਸਤ
ਟੋਕੀਓ ਵਿੱਚ ਮਹਿਲਾ ਦੇ ਡਿਸਕਸ ਥਰੋਅ ਮੁਕਾਬਲੇ ਵਿੱਚ ਛੇਵੇਂ ਸਥਾਨ ’ਤੇ ਰਹੀ ਕਮਲਪ੍ਰੀਤ ਕੌਰ ਨੇ ਕਰੋਨਾ ਮਹਾਮਾਰੀ ਕਾਰਨ ਓਲੰਪਿਕ ਤੋਂ ਪਹਿਲਾਂ ਕੌਮਾਂਤਰੀ ਮੁਕਾਬਲੇ ਘੱਟ ਹੋਣ ’ਤੇ ਅਫਸੋਸ ਜ਼ਾਹਿਰ ਕੀਤਾ ਹੈ। ਕਮਲਪ੍ਰੀਤ ਨੇ ਕਿਹਾ, ‘‘ਮੈਨੂੰ ਓਲੰਪਿਕ ਤੋਂ ਪਹਿਲਾਂ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਿਆ। ਮੈਨੂੰ ਅਗਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ।’’ ਉਨ੍ਹਾਂ ਕਿਹਾ, ‘‘ਮੇਰੀ ਕੋਚ (ਰਾਖੀ ਤਿਆਗੀ) ਨੇ ਮੈਨੂੰ ਕਿਹਾ ਕਿ ਵੱਡੇ ਪੱਧਰ ਦੇ ਮੁਕਾਬਲਿਆਂ ਤੋਂ ਘਬਰਾਉਣਾ ਨਹੀਂ ਅਤੇ ਮੈਂ ਇਹੀ ਕੀਤਾ। ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਅਜਿਹਾ ਨਹੀਂ ਹੋ ਸਕਿਆ।’’ ਓਲੰਪਿਕ ਖੇਡਾਂ ਵਿੱਚ ਅਵਿਨਾਸ਼ ਸਾਬਲੇ ਨੇ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ ਨਵਾਂ ਕੌਮੀ ਰਿਕਾਰਡ ਬਣਾਇਆ, ਪਰ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ। ਉਸ ਨੇ ਕਿਹਾ ਕਿ ਓਲੰਪਿਕ ਤੋਂ ਪਹਿਲਾਂ ਉਸ ਨੂੰ ਦੋ ਵਾਰ ਕੋਵਿਡ-19 ਹੋ ਗਿਆ ਸੀ। ਮੁਹੰਮਦ ਅਨਸ ਯਾਹੀਆ, ਰਾਜੀਵ ਅਰੋਕੀਆ, ਨੋਆ ਟੌਮ ਨਿਰਮਲ ਅਤੇ ਅਮੋਜ ਜੈਕਬ ਦੀ ਪੁਰਸ਼ਾਂ ਦੀ 4 X 400 ਮੀਟਰ ਰਿਲੇਅ ਦੀ ਟੀਮ ਵੀ ਇੱਥੇ ਮੌਜੂਦ ਸੀ, ਜਿਨ੍ਹਾਂ ਨੇ ਏਸ਼ਿਆਈ ਰਿਕਾਰਡ ਤੋੜਿਆ, ਪਰ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ। -ਪੀਟੀਆਈ