ਲਖਨਊ: ਦੋ ਓਲੰਪਿਕ ਤਗ਼ਮੇ ਜੇਤੂ ਪੀਵੀ ਸਿੰਧੂ ਅਤੇ ਭਾਰਤੀ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣਯ ਅੱਜ ਆਪੋ-ਆਪਣੇ ਮਹਿਲਾ ਤੇ ਪੁਰਸ਼ ਸਿੰਗਲਜ਼ ਮੁਕਾਬਲੇ ਜਿੱਤ ਕੇ ਸਈਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਸਿਖਰਲਾ ਦਰਜਾ ਪ੍ਰਾਪਤ ਸਿੰਧੂ ਨੇ ਅਮਰੀਕਾ ਦੀ ਖਿਡਾਰਨ ਲੌਰੇਨ ਲੈਮ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ। ਉਸ ਨੇ ਦੂਜੇ ਗੇੜ ਦਾ ਇਹ ਮੈਚ ਸਿਰਫ਼ 33 ਮਿੰਟ ਵਿੱਚ 21-16, 21-13 ਨਾਲ ਜਿੱਤਿਆ। ਉਸ ਦਾ ਅਗਲਾ ਮੁਕਾਬਲਾ ਥਾਈਲੈਂਡ ਦੀ ਛੇਵਾਂ ਦਰਜਾ ਪ੍ਰਾਪਤ ਸੁਪਨਿਦਾ ਕੇਤੇਥੌਂਗ ਨਾਲ ਹੋਵੇਗਾ। ਪੰਜਵਾਂ ਦਰਜਾ ਪ੍ਰਾਪਤ ਪ੍ਰਣਯ ਨੇ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਦੇ ਮੁਕਾਬਲੇ ਵਿੱਚ ਹਮਵਤਨ ਪ੍ਰਿਯਾਂਸ਼ੂ ਰਜਾਵਤ ਨੂੰ 21-11, 16-21, 21-18 ਨਾਲ ਹਰਾਇਆ। ਉਸ ਦੀ ਟੱਕਰ ਹੁਣ ਫਰਾਂਸੀਸੀ ਖਿਡਾਰੀ ਅਰਨੌਦ ਮਰਕਲੇ ਨਾਲ ਹੋਵੇਗੀ, ਜਿਸ ਨੇ ਇੱਕ ਹੋਰ ਭਾਰਤੀ ਖਿਡਾਰੀ ਕਾਰਤਿਕੇਅ ਗੁਲਸ਼ਨ ਕੁਮਾਰ ਨੂੰ 21-8, 21-12 ਨਾਲ ਸ਼ਿਕਸਤ ਦਿੱਤੀ ਹੈ। ਮਹਿਲਾ ਸਿੰਗਲਜ਼ ਵਿੱਚ ਦੂਜੇ ਗੇੜ ਦੇ ਇੱਕ ਹੋਰ ਮੈਚ ਵਿੱਚ ਭਾਰਤ ਦੀ ਸਾਮੀਆ ਇਮਾਦ ਫਾਰੂਕੀ ਨੇ ਹਮਵਤਨ ਕਨਿਕਾ ਕੰਵਲ ਨੂੰ 21-6, 21-15 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ। -ਪੀਟੀਆਈ