ਟੋਕੀਓ, 27 ਅਗਸਤ
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਡਬਲਜ਼ ਵਰਗ ਦੇ ਸੈਮੀਫਾਈਨਲ ਵਿੱਚ ਅੱਜ ਛੇਵਾਂ ਦਰਜਾ ਪ੍ਰਾਪਤ ਮਲੇਸ਼ੀਆ ਦੇ ਆਰੋਨ ਚੀਆ ਅਤੇ ਸੋਹ ਵੂਈ ਯਿਕ ਦੀ ਜੋੜੀ ਨੇ ਭਾਰਤੀ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ 22-20,18-21,16-21 ਨਾਲ ਹਰਾ ਦਿੱਤਾ। ਇਸ ਮਗਰੋਂ ਭਾਰਤੀ ਜੋੜੀ ਨੂੰ ਕਾਂਸੇ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਪੁਰਸ਼ ਡਬਲਜ਼ ਵਿੱਚ ਭਾਰਤ ਦਾ ਇਹ ਪਹਿਲਾ ਤਗਮਾ ਹੈ। ਦੁਨੀਆਂ ਦੇ ਸੱਤਵੇਂ ਦਰਜੇ ਦੀ ਭਾਰਤੀ ਜੋੜੀ ਪਹਿਲੀ ਗੇਮ ਵਿੱਚ ਜਿੱਤ ਦਾ ਫਾਇਦਾ ਨਹੀਂ ਉਠਾ ਸਕੀ ਅਤੇ 77 ਮਿੰਟ ਤੱਕ ਚੱਲੇ ਮੈਚ ਵਿੱਚ ਹਾਰ ਗਈ। ਸਾਤਵਿਕ ਅਤੇ ਚਿਰਾਗ ਦੀ ਮਲੇਸ਼ੀਆ ਦੀ ਜੋੜੀ ਹੱਥੋਂ ਇਹ ਲਗਾਤਾਰ ਛੇਵੀਂ ਹਾਰ ਹੈ। ਉਹ ਇਸ ਮਹੀਨੇ ਦੇ ਸ਼ੁਰੂ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਮਿਕਸਡ ਟੀਮ ਫਾਈਨਲ ਵਿੱਚ ਵੀ ਇਸ ਜੋੜੀ ਤੋਂ ਹਾਰ ਗਏ ਸਨ। ਜ਼ਿਕਰਯੋਗ ਹੈ ਕਿ ਭਾਰਤ ਨੇ 2011 ਤੋਂ ਬਾਅਦ ਇਸ ਚੈਂਪੀਅਨਸ਼ਿਪ ਵਿੱਚ ਹਰ ਵਾਰ ਕੋਈ ਨਾ ਕੋਈ ਤਗਮਾ ਜਿੱਤਿਆ ਹੈ। ਡਬਲਜ਼ ਵਰਗ ਵਿੱਚ ਇਹ ਭਾਰਤ ਦਾ ਦੂਜਾ ਤਗਮਾ ਹੈ। ਇਸ ਤੋਂ ਪਹਿਲਾਂ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੇ 2011 ਵਿੱਚ ਮਹਿਲਾ ਡਬਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ