ਕਾਨਪੁਰ, 1 ਅਕਤੂਬਰ
India beat Bangladesh in 2nd Test: ਭਾਰਤ ਨੇ ਅੱਜ ਇਥੇ ਦੂਜੇ ਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਵਿਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਦੋ ਟੈਸਟ ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ। ਰਵਿੰਦਰ ਜਡੇਜਾ ਦੀ ਅਗਵਾਈ ਹੇਠ ਭਾਰਤੀ ਗੇਂਦਬਾਜ਼ਾਂ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਬੰਗਲਾਦੇਸ਼ ਦੀ ਪਾਰੀ ਨੂੰ ਮਲੀਆਮੇਟ ਕੀਤੇ ਜਾਣ ਤੋਂ ਬਾਅਦ ਭਾਰਤ ਨੇ ਆਪਣੀ ਦੂਜੀ ਪਾਰੀ ਵਿਚ ਜਿੱਤ ਲਈ ਲੋੜੀਂਦੀਆਂ 95 ਦੌੜਾਂ ਤਿੰਨ ਵਿਕਟਾਂ ਗੁਆ ਕੇ ਬਣਾ ਲਈਆਂ ਅਤੇ ਮੈਚ ਤੇ ਲੜੀ ਆਪਣੇ ਨਾਂ ਕਰ ਲਈ।
ਇਸ ਜਿੱਤ ਸਦਕਾ ਭਾਰਤ ਨੇ ਸੰਸਾਰ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਸੂਚੀ ਦੀ ਚੋਟੀ ਉਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਨਾਲ ਹੀ ਭਾਰਤ ਨੇ ਆਪਣੀ ਧਰਤੀ ਉਤੇ ਲਗਾਤਾਰ 18ਵੀਂ ਟੈਸਟ ਲੜੀ ਜਿੱਤ ਕੇ ਆਪਣੇ ਹੀ ਰਿਕਾਰਡ ਵਿਚ ਹੋਰ ਸੁਧਾਰ ਵੀ ਕਰ ਲਿਆ ਹੈ।
ਬੰਗਲਾਦੇਸ਼ ਖ਼ਿਲਾਫ਼ ਆਪਣੀ ਦੂਜੀ ਪਾਰੀ ਵਿਚ 95 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਯਸ਼ਸਵੀ ਜੈਸਵਾਲ (51) ਅਤੇ ਵਿਰਾਟ ਕੋਹਲੀ (ਨਾਬਾਦ 29) ਵੱਲੋਂ ਤੀਜੀ ਵਿਕਟ ਲਈ ਨਿਭਾਈ 58 ਦੌੜਾਂ ਦੀ ਭਾਈਵਾਲੀ ਸਦਕਾ 17.2 ਓਵਰਾਂ ਵਿਚ 3 ਵਿਕਟਾਂ ਉਤੇ 98 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਇਸ ਦੌਰਾਨ ਭਾਰਤ ਨੇ ਕਪਤਾਨ ਰੋਹਿਤ ਸ਼ਰਮਾ (8) ਅਤੇ ਸ਼ੁਭਮਨ ਗਿੱਲ (6) ਦੀਆਂ ਵਿਕਟਾਂ ਛੇਤੀ ਹੀ ਗਵਾ ਲਈਆਂ।
ਇਸ ਤੋਂ ਪਹਿਲਾਂ ਭਾਰਤ ਲਈ ਜਡੇਜਾ ਨੇ 34 ਦੌੜਾਂ ਵਿਚ ਬੰਗਲਾਦੇਸ਼ ਦੀਆਂ 3 ਵਿਕਟਾਂ, ਜਸਪ੍ਰੀਤ ਬੁਮਰਾਹ ਨੇ 17 ਦੌੜਾਂ ਵਿਚ 3 ਵਿਕਟਾਂ ਅਤੇ ਰਵੀਚੰਦਰਨ ਅਸ਼ਿਵਨ ਨੇ 50 ਦੌੜਾਂ ਵਿਚ 3 ਵਿਕਟਾਂ ਝਟਕਾਈਆਂ ਤੇ ਇਕ ਵਿਕਟ ਆਕਾਸ਼ਦੀਪ ਨੇ 20 ਦੌੜਾਂ ਦੇ ਕੇ ਹਾਸਲ ਕੀਤੀ। ਬੰਗਲਾਦੇਸ਼ ਦੀ ਦੂਜੀ ਪਾਰੀ ਵਿਚ ਸਲਾਮੀ ਬੱਲੇਬਾਜ਼ ਸ਼ਾਦਮਾਨ ਇਸਲਾਮ ਨੇ ਸਭ ਤੋਂ 50 ਦੌੜਾਂ ਬਣਾਈਆਂ। -ਪੀਟੀਆਈ