ਵਿਸ਼ਾਖਾਪਟਨਮ, 4 ਫਰਵਰੀ
ਇੰਗਲੈਂਡ ਖਿਲਾਫ਼ ਦੂਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਭਾਰਤ ਦੀ ਦੂਜੀ ਪਾਰੀ 255 ਦੌੜਾਂ ’ਤੇ ਸਿਮਟ ਗਈ। ਪਹਿਲੀ ਪਾਰੀ ਦੇ ਅਧਾਰ ’ਤੇ ਮਿਲੀ 143 ਦੌੜਾਂ ਦੀ ਬੜਤ ਦੇ ਅਧਾਰ ’ਤੇ ਭਾਰਤ ਨੇ ਮਹਿਮਾਨ ਟੀਮ ਨੂੰ ਦੂਜੀ ਪਾਰੀ ਵਿੱਚ ਜਿੱਤ ਲਈ 399 ਦੌੜਾਂ ਦਾ ਟੀਚਾ ਦਿੱਤਾ ਹੈ। ਇੰਗਲੈਂਡ ਨੇ ਦਿਨ ਦੀ ਖੇਡ ਖ਼ਤਮ ਹੋਣ ਮੌਕੇ ਬੈੈੱਨ ਡਕੇਟ (28) ਦੀ ਵਿਕਟ ਗੁਆਉਂਦਿਆਂ 67 ਦੌੜਾਂ ਬਣਾ ਲਈਆਂ ਸਨ। ਜ਼ੈਕ ਕਰੌਲੀ ਤੇ ਰਿਹਾਨ ਅਹਿਮਦ ਕ੍ਰਮਵਾਰ 29 ਤੇ 9 ਦੌੜਾਂ ਨਾਲ ਨਾਬਾਦ ਸਨ। ਡਕੇਟ ਨੂੰ ਰਵੀਚੰਦਰਨ ਅਸ਼ਿਵਨ ਨੇ ਆਊਟ ਕੀਤਾ। ਇਸ ਤੋਂ ਪਹਿਲਾਂ ਦੂਜੀ ਪਾਰੀ ਵਿੱਚ ਭਾਰਤ ਲਈ ਸ਼ੁਭਮਨ ਗਿੱਲ (104) ਨੇ ਆਪਣਾ ਤੀਜਾ ਕੌਮਾਂਤਰੀ ਸੈਂਕੜਾ ਜੜਿਆ। ਹੋਰਨਾਂ ਬੱਲੇਬਾਜ਼ਾਂ ਵਿਚ ਅਕਸ਼ਰ ਪਟੇਲ ਨੇ 45, ਰਵੀਚੰਦਰਨ ਅਸ਼ਿਵਨ ਤੇ ਸ਼੍ਰੇਅਸ ਅੱਈਅਰ ਨੇ 29-29, ਪਹਿਲੀ ਪਾਰੀ ’ਚ ਦੋਹਰਾ ਸੈਂਕੜਾ ਲਾਉਣ ਵਾਲੇ ਸਲਾਮੀ ਬੱਲੇਬਾਜ਼ ਯਸ਼ੱਸਵੀ ਜੈਸਵਾਲ ਨੇ 17 ਤੇ ਕਪਤਾਨ ਰੋਹਿਤ ਸ਼ਰਮਾ ਨੇ 13 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 396 ਦੌੜਾਂ ਬਣਾਈਆਂ ਸਨ ਜਦੋਂਕਿ ਇੰਗਲੈਂਡ ਆਪਣੀ ਪਹਿਲੀ ਪਾਰੀ ਵਿਚ 253 ਦੌੜਾਂ ਹੀ ਬਣਾ ਸਕਿਆ ਸੀ। ਇੰਗਲੈਂਡ ਵੱਲੋਂ ਟੌਮ ਹਾਰਟਲੇ ਨੇ 4, ਰਿਹਾਨ ਅਹਿਮਦ 3, ਜੇਮਸ ਐਂਡਰਸਨ ਦੋ ਤੇ ਸ਼ੋਇਬ ਬਸ਼ੀਰ ਨੇ ਇਕ ਵਿਕਟ ਲਈ। ਇੰਗਲੈਂਡ ਹੈਦਰਾਬਾਦ ਵਿੱਚ ਖੇਡਿਆ ਪਹਿਲਾ ਟੈੈਸਟ ਜਿੱਤ ਕੇ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ। -ਪੀਟੀਆਈ