ਟੋਕੀਓ, 27 ਜੁਲਾਈ
ਤਗ਼ਮਿਆਂ ਦੀਆਂ ਬਹੁਤ ਸਾਰੀਆਂ ਉਮੀਦਾਂ ਲੈ ਕੇ ਟੋਕੀਓ ਪਹੁੰਚੇ ਭਾਰਤੀ ਨਿਸ਼ਾਨੇਬਾਜ਼ਾਂ ਨੂੰ ਅੱਜ ਇੱਥੇ ਟੋਕੀਓ ਓਲੰਪਿਕ ਵਿੱਚ ਮਿਕਸਡ ਟੀਮਾਂ ਦੇ ਨਮੋਸ਼ੀਜਨਕ ਪ੍ਰਦਰਸ਼ਨ ਕਾਰਨ ਓਸਾਕਾ ਰੇਂਜ ਤੋਂ ਲਗਾਤਾਰ ਚੌਥੇ ਦਿਨ ਖਾਲੀ ਹੱਥ ਪਰਤਣਾ ਪਿਆ। ਸੌਰਭ ਚੌਧਰੀ ਅਤੇ ਮਨੂ ਭਾਕਰ ਦੀ ਜੋੜੀ ਨੂੰ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਤਗ਼ਮੇ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਕੁਆਲੀਫਾਈਂਗ ਦੇ ਪਹਿਲੇ ਗੇੜ ਵਿੱਚ ਚੋਟੀ ’ਤੇ ਰਹਿਣ ਮਗਰੋਂ ਦੂਜੇ ਗੇੜ ਵਿੱਚ ਉਹ ਲੈਅ ਵਿੱਚ ਨਜ਼ਰ ਨਹੀਂ ਆਏ। ਅਖ਼ੀਰ ਵਿੱਚ ਉਹ 380 ਦੇ ਕੁੱਲ ਸਕੋਰ ਨਾਲ 7ਵੇਂ ਸਥਾਨ ’ਤੇ ਰਹੇ। ਭਾਰਤੀ ਜੋੜੀ ਨੇ ਪਹਿਲੇ ਗੇੜ ਵਿੱਚ 582 ਅੰਕ ਬਣਾਏ ਸਨ। ਅਭਿਸ਼ੇਕ ਵਰਮਾ ਅਤੇ ਯਸ਼ਸਵਿਨੀ ਸਿੰਘ ਦੇਸਵਾਲ ਦੀ ਇੱਕ ਹੋਰ ਭਾਰਤੀ ਜੋੜੀ ਇਸ ਮੁਕਾਬਲੇ ਦੇ ਪਹਿਲੇ ਗੇੜ ਵਿੱਚ 564 ਅੰਕ ਨਾਲ 17ਵੇਂ ਸਥਾਨ ’ਤੇ ਰਹਿਣ ਕਾਰਨ ਸ਼ੁਰੂਆਤ ਵਿੱਚ ਹੀ ਬਾਹਰ ਹੋ ਗਈ। ਇਲਾਵੇਨਿਲ ਵਾਲਾਰਿਵਾਨ ਅਤੇ ਦਿਵਿਆਂਸ਼ ਸਿੰਘ ਪੰਵਾਰ ਦੀ ਜੋੜੀ 626.5 ਅੰਕ ਬਣਾ ਕੇ 12ਵੇਂ ਅਤੇ ਅੰਜੁਮ ਮੁਦਗਿਲ ਅਤੇ ਦੀਪਕ ਕੁਮਾਰ ਦੀ ਜੋੜੀ 623.8 ਅੰਕ ਬਣਾ ਕੇ 29 ਜੋੜੀਆਂ ਵਿੱਚ 18ਵੇਂ ਨੰਬਰ ’ਤੇ ਰਹੀ। -ਪੀਟੀਆਈ
ਨਿਸ਼ਾਨੇਬਾਜ਼ੀ ਕੋਚਿੰਗ ਵਿੱਚ ‘ਵੱਡੇ ਬਦਲਾਅ’ ਦੇ ਸੰਕੇਤ
ਓਲੰਪਿਕ ਨਿਸ਼ਾਨੇਬਾਜ਼ੀ ਵਿੱਚ ਸੀਨੀਅਰ ਖ਼ਿਡਾਰੀਆਂ ਦੇ ਨਮੋਸ਼ੀਜਨਕ ਪ੍ਰਦਰਸ਼ਨ ਮਗਰੋਂ ਭਾਰਤੀ ਕੌਮੀ ਰਾਈਫਲ ਐਸੋਸੀਏਸ਼ਨ (ਐੱਨਆਰਏਆਈ) ਨੇ ਕੋਚਿੰਗ ਸਟਾਫ਼ ਵਿੱਚ ਵੱਡੇ ਪੱਧਰ ’ਤੇ ਫੇਰਬਦਲ ਦਾ ਇਸ਼ਾਰਾ ਕੀਤਾ ਹੈ। ਰੀਓ ਓਲੰਪਿਕ (2016) ਵਾਂਗ ਟੋਕੀਓ ਵਿੱਚ ਵੀ ਭਾਰਤੀ ਨਿਸ਼ਾਨੇਬਾਜ਼ਾਂ ਦਾ ਪ੍ਰਦਰਸ਼ਨ ਹੁਣ ਤੱਕ ਨਮੋਸ਼ੀਜਨਕ ਰਿਹਾ ਹੈ। ਭਾਰਤ ਦੇ ਰਿਕਾਰਡ 15 ਨਿਸ਼ਾਨੇਬਾਜ਼ਾਂ ਨੇ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਕੀਤਾ ਸੀ, ਪਰ ਭਾਰਤੀ ਦਲ ਆਪਣੇ ਖਰਾਬ ਪ੍ਰਦਰਸ਼ਨ ਕਰਕੇ ਸੁਰਖ਼ੀਆਂ ਵਿੱਚ ਹੈ। ਟੀਮ ਵਿੱਚ ਧੜੇਬੰਦੀ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਐਸੋਸੀਏਸ਼ਨ ਦੇ ਪ੍ਰਮੁੱਖ ਰਣਇੰਦਰ ਸਿੰਘ ਨੇ ਕੋਚਿੰਗ ਅਤੇ ਸਹਾਇਕ ਕਰਮਚਾਰੀਆਂ ਵਿੱਚ ਵੱਡਾ ਬਦਲਾਅ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ, ‘‘ਸੱਚਮੁੱਚ ਪ੍ਰਦਰਸ਼ਨ ਉਮੀਦਾਂ ਮੁਤਾਬਕ ਨਹੀਂ ਹੈ।’’ -ਪੀਟੀਆਈ