ਨਵੀਂ ਦਿੱਲੀ, 10 ਨਵੰਬਰ
ਪਲਕ ਗੁਲੀਆ ਅਤੇ ਅਮਿਤ ਸ਼ਰਮਾ ਦੀ ਏਅਰ ਪਿਸਟਲ ਮਿਕਸਡ ਟੀਮ ਨੇ ਅੱਜ ਇੱਥੇ ਵਿਸ਼ਵ ਯੂਨੀਵਰਸਿਟੀ ਸ਼ੂਟਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਹਮਵਤਨ ਖਿਡਾਰੀਆਂ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ। ਭਾਰਤੀ ਨਿਸ਼ਾਨੇਬਾਜ਼ਾਂ ਨੇ ਇਸ ਮੁਕਾਬਲੇ ਵਿੱਚ ਹੁਣ ਤੱਕ ਪੰਜ ਤਗ਼ਮੇ ਜਿੱਤੇ ਹਨ, ਜਿਨ੍ਹਾਂ ’ਚੋਂ ਤਿੰਨ ਚਾਂਦੀ ਦੇ ਤਗ਼ਮੇ ਹਨ। ਪਲਕ ਅਤੇ ਅਮਿਤ ਦੀ ਜੋੜੀ ਨੇ ਇੱਥੇ ਕਰਨੀ ਸਿੰਘ ਕੰਪਲੈਕਸ ਵਿੱਚ ਖ਼ਿਤਾਬੀ ਮੁਕਾਬਲੇ ਵਿੱਚ ਸੰਯਮ ਅਤੇ ਸਮਰਾਟ ਰਾਣਾ ਦੀ ਜੋੜੀ ਨੂੰ 16-12 ਨਾਲ ਹਰਾਇਆ। ਇਸ ਤਰ੍ਹਾਂ ਭਾਰਤ ਨੇ ਇਸ ਮੁਕਾਬਲੇ ਵਿੱਚ ਸਿਖਰਲੇ ਦੋ ਸਥਾਨ ਹਾਸਲ ਕੀਤੇ। ਹੰਗਰੀ ਦੀ ਸਾਰਾ ਰਾਹੇਲ ਫੈਬੀਅਨ ਅਤੇ ਰਾਡੇਸੀ ਮੇਟ ਦੀ ਜੋੜੀ ਨੇ ਚੀਨੀ ਤਾਇਪੇ ਦੀ ਜੋੜੀ ਨੂੰ 16-12 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਆਪਣੇ ਨਾਮ ਕੀਤਾ। ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ਗੇੜ ਵਿੱਚ ਸੰਯਮ (289) ਅਤੇ ਸਮਰਾਟ (290) 579 ਦੇ ਕੁੱਲ ਸਕੋਰ ਨਾਲ ਸਿਖਰ ’ਤੇ ਜਦਕਿ ਪਲਕ (285) ਅਤੇ ਅਮਿਤ (293) 578 ਦੇ ਕੁੱਲ ਸਕੋਰ ਨਾਲ ਦੂਜੇ ਸਥਾਨ ’ਤੇ ਰਹੇ ਸਨ।
ਮਹਿਲਾ ਟਰੈਪ ਮੁਕਾਬਲੇ ਵਿੱਚ ਨੀਰੂ ਅਤੇ ਕੀਰਤੀ ਗੁਪਤਾ ਨੇ ਫਾਈਨਲ ਵਿੱਚ ਕ੍ਰਮਵਾਰ 43 ਅਤੇ 32 ਦੇ ਸਕੋਰਾਂ ਨਾਲ ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤੇ। ਚੈੱਕ ਗਣਰਾਜ ਦੀ ਜ਼ੀਨਾ ਹਰਦਲੀਕੋਵਾ ਨੇ 45 ਦੇ ਸਕੋਰ ਨਾਲ ਸੋਨ ਤਗਮਾ ਜਿੱਤਿਆ। ਕੀਰਤੀ ਇਸ ਤੋਂ ਪਹਿਲਾਂ 125 ’ਚੋਂ 118 ਅੰਕ ਲੈ ਕੇ ਕੁਆਲੀਫਿਕੇਸ਼ਨ ਗੇੜ ਵਿੱਚ ਸਿਖਰ ’ਤੇ ਰਹੀ ਸੀ। ਨੀਰੂ ਨੇ 115 ਦੇ ਸਕੋਰ ਨਾਲ ਛੇ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਓਲੰਪੀਅਨ ਅਤੇ ਚੀਨ ਵਿੱਚ 2021 ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਤਿੰਨ ਸੋਨ ਤਗਮੇ ਜਿੱਤਣ ਵਾਲੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਫਾਈਨਲ ਵਿੱਚ 458.2 ਦੇ ਸਕੋਰ ਨਾਲ 50 ਮੀਟਰ ਰਾਈਫਲ 3 ਪੁਜ਼ੀਸ਼ਨਜ਼ ਵਿੱਚ ਭਾਰਤ ਲਈ ਇੱਕ ਹੋਰ ਚਾਂਦੀ ਦਾ ਤਗਮਾ ਜੋੜਿਆ। -ਪੀਟੀਆਈ