ਨਵੀਂ ਦਿੱਲੀ, 25 ਮਾਰਚ
ਭਾਰਤੀ ਮਹਿਲਾ ਨਿਸ਼ਾਨੇਬਾਜ਼ਾਂ ਨੇ ਵੀਰਵਾਰ ਨੂੰ ਇੱਥੇ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨਾ ਅਤੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਦੇਸ਼ ਦਾ ਦਬਦਬਾ ਬਰਕਰਾਰ ਰੱਖਿਆ ਹੈ। ਟੂਰਨਾਮੈਂਟ ਦੇ ਸੱਤਵੇਂ ਦਿਨ ਹੰਗਰੀ ਦੀ ਟੀਮ ਪੁਰਸ਼ਾਂ ਦੀ ਰਾਈਫਲ ਥ੍ਰੀ ਪੁਜ਼ੀਸ਼ਨ ਦੇ ਫਾਈਨਲ ਤੋਂ ਹਟ ਗਈ। ਇਸ ਲਈ ਇਹ ਮੁਕਾਬਲਾ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ। ਭਾਰਤ ਦਾ ਸਾਹਮਣਾ ਹੁਣ ਅਮਰੀਕਾ ਨਾਲ ਹੋਵੇਗਾ। ਭਾਰਤ ਦੀ ਚਿੰਕੀ ਯਾਦਵ, ਮਨੂ ਭਾਕਰ ਅਤੇ ਰਾਹੀ ਸਰਨੋਬਤ ਨੇ ਮਹਿਲਾਵਾਂ ਦੀ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਇਸ ਜਿੱਤ ਨਾਲ ਭਾਰਤ ਦੀ ਤਗ਼ਮਿਆਂ ਦੀ ਸੂਚੀ ਵਿੱਚ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ। ਉਸ ਦੇ ਨਾਮ ਹੁਣ ਦਸ ਸੋਨੇ, ਛੇ ਚਾਂਦੀ ਅਤੇ ਪੰਜ ਕਾਂਸੀ ਸਣੇ ਕੁੱਲ 21 ਤਗ਼ਮੇ ਹੋ ਗਏ ਹਨ। ਇਸ ਤੋਂ ਪਹਿਲਾਂ ਭਾਰਤ ਦੀ ਮਹਿਲਾ ਵਰਗ ਦੀਆਂ ਨਿਸ਼ਾਨੇਬਾਜ਼ਾਂ ਅੰਜੁਮ ਮੌਦਗਿੱਲ, ਸ਼੍ਰੇਆ ਸਕਸੈਨਾ ਤੇ ਗਾਇਤਰੀ ਨਿਤਿਆਨਦਮ ਨੇ 50 ਮੀਟਰ ਰਾਈਫਲ ਥ੍ਰੀ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਪੋਲੈਂਡ ਦੀ ਟੀਮ ਨੇ 47 ਅੰਕਾਂ ਨਾਲ ਸੋਨਾ, ਜਦਕਿ ਭਾਰਤ ਨੇ 43 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਇੰਡੋਨੇਸ਼ੀਆ ਦੀ ਟੀਮ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। -ਪੀਟੀਆਈ