ਸਿੰਗਾਪੁਰ: ਓਲੰਪਿਕ ਵਿੱਚ ਤਾਂਬੇ ਦਾ ਤਗ਼ਮਾ ਜੇਤੂ ਸਾਇਨਾ ਨੇਹਵਾਲ ਨੇ ਸਿੰਗਾਪੁਰ ਓਪਨ ਦੇ ਇਕ ਮੁਕਾਬਲੇ ਵਿੱਚ ਚੀਨ ਦੀ ਨੰਬਰ 9 ਖਿਡਾਰਨ ਹੀ ਬਿੰਗ ਜਿਆਓ ਖਿਲਾਫ਼ ਸ਼ਾਨਦਾਰ ਜਿੱਤ ਦਰਜ ਕਰਕੇ ਵਾਪਸ ਲੈਅ ਹਾਸਲ ਕਰਨ ਦਾ ਸੰਕੇਤ ਦਿੱਤਾ ਹੈ। ਇਸ ਜਿੱਤ ਨਾਲ ਸਾਇਨਾ ਕੁਆਰਟਰ ਫਾਈਨਲ ਗੇੜ ਵਿੱਚ ਪਹੁੰਚ ਗਈ ਹੈ। ਉਧਰ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਵਾਰ ਸੋਨੇ ਦਾ ਤਗ਼ਮਾ ਜਿੱਤਣ ਵਾਲੇ ਪੀਵੀ ਸਿੰਧੂ ਤੇ ਐੱਚਐੱਸ ਪ੍ਰਨੌਏ ਵੀ ਆਖਰੀ ਅੱਠਾਂ ਦੇ ਗੇੜ ’ਚ ਪੁੱਜਣ ਵਿੱਚ ਸਫ਼ਲ ਰਹੇ ਹਨ। ਲੰਡਨ ਓਲੰਪਿਕਸ ’ਚ ਤਗ਼ਮਾ ਜਿੱਤਣ ਵਾਲੀ ਸਾਇਨਾ ਨੇ ਟੂਰਨਾਮੈਂਟ ਵਿੱਚ ਪੰਜਵੇਂ ਨੰਬਰ ਦੀ ਚੀਨੀ ਖਿਡਾਰਨ ਨੂੰ 21-19, 11-21 ਤੇ 21-17 ਨਾਲ ਮਾਤ ਦਿੱਤੀ। ਪਿਛਲੇ ਢਾਈ ਸਾਲਾਂ ਦੇ ਅਰਸੇ ਵਿੱਚ ਪਹਿਲਾ ਮੌਕਾ ਹੈ ਜਦੋਂ ਸਾਇਨਾ ਕਿਸੇ ਟੂਰਨਾਮੈਂਟ ਦਾ ਕੁਆਰਟਰ ਫਾਈਨਲ ਮੁਕਾਬਲਾ ਖੇਡੇਗੀ। ਉਸ ਦੀ ਟੱਕਰ ਜਾਪਾਨ ਦੀ ਅਯਾ ਓਹੋਰੀ ਨਾਲ ਹੋਵੇਗੀ। ਹੈਦਰਾਬਾਦ ਦੀ 32 ਸਾਲਾ ਖਿਡਾਰਨ ਪਿਛਲੇ ਕੁਝ ਸਾਲਾਂ ਤੋਂ ਉਪਰੋਥੱਲੀ ਕਈ ਸੱਟਾਂ ਨਾਲ ਜੂਝ ਰਹੀ ਸੀ। ਤੀਜਾ ਦਰਜਾ ਸਿੰਧੂ ਵੀਅਤਨਾਮ ਦੀ ਥੁਇ ਲਿਨ ਨਗੁਏਨ ਨੂੰ 19-21, 21-19, 21-18 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ, ਜਿੱਥੇ ਉਸ ਦਾ ਮੁਕਾਬਲਾ ਚੀਨ ਦੇ ਹਾਨ ਯੁਈ ਨਾਲ ਹੋਵੇਗਾ। ਉਧਰ ਪੁਰਸ਼ ਵਰਗ ਵਿੱਚ ਪ੍ਰਨੌਏ, ਜੋ ਆਲਮੀ ਦਰਜਾਬੰਦੀ ਵਿੱਚ 19ਵੇਂ ਸਥਾਨ ’ਤੇ ਹੈ, ਚੀਨੀ ਤਾਇਪੇ ਦੇ ਚਾਓ ਤਾਇਨ ਚੈੱਨ ਨੂੰ ਇਕ ਘੰਟਾ ਤੇ 9 ਮਿੰਟ ਚੱਲੇ ਮੁਕਾਬਲੇ ਵਿੱਚ 14-21, 22-20 ਤੇ 21-18 ਨਾਲ ਹਰਾਉਣ ਵਿੱਚ ਕਾਮਯਾਬ ਰਿਹਾ। -ਪੀਟੀਆਈ