ਨਵੀਂ ਦਿੱਲੀ, 5 ਜੂਨ
ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ 2008 ਵਿੱਚ ਆਈਪੀਐੱਲ ਦੇ ਪਹਿਲੇ ਸੀਜ਼ਨ ਦੌਰਾਨ ਵਾਪਰੀ ‘ਥੱਪੜ’ ਵਾਲੀ ਘਟਨਾ ਲਈ ਐੱਸ. ਸ੍ਰੀਸੰਤ ਤੋਂ ਮੁਆਫੀ ਮੰਗੀ ਹੈ। ਜਾਣਕਾਰੀ ਅਨੁਸਾਰ ਹਰਭਜਨ ਸਿੰਘ ਕਿੰਗਜ਼ ਇਲੈਵਨ ਪੰਜਾਬ (ਪੰਜਾਬ ਕਿੰਗਜ਼) ਖ਼ਿਲਾਫ਼ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰ ਰਿਹਾ ਸੀ। ਇਸ ਦੌਰਾਨ ਪੰਜਾਬ ਟੀਮ ਦੇ ਗੇਂਦਬਾਜ਼ ਸ੍ਰੀਸੰਤ ਨੇ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਦੀ ਵਿਕਟ ਲੈਣ ਮਗਰੋਂ, ਜਿਸ ਢੰਗ ਨਾਲ ਖ਼ੁਸ਼ੀ ਮਨਾਈ, ਉਸ ਤੋਂ ਹਰਭਜਨ ਭੜਕ ਗਿਆ ਅਤੇ ਮੁਕਾਬਲੇ ਦੇ ਅੰਤ ਵਿੱਚ ਉਸ ਨੇ ਸ੍ਰੀਸੰਤ ਦੇ ਥੱਪੜ ਮਾਰ ਦਿੱਤਾ। ਮੁਹਾਲੀ ਵਿੱਚ ਹੋਇਆ ਇਹ ਮੁਕਾਬਲਾ ਪੰਜਾਬ ਨੇ 66 ਦੌੜਾਂ ਨਾਲ ਜਿੱਤ ਲਿਆ ਸੀ। ਬੀਤੇ ਦਿਨ ਵਿਕਰਮ ਸਾਠੇ ਦੇ ਸ਼ੋਅ ‘ਗਲਾਂਸ ਲਾਈਵ ਫੈਸਟ’ ਵਿੱਚ ਹਰਭਜਨ ਸਿੰਘ, ਸ੍ਰੀਸੰਤ ਨਾਲ ਵੀਡੀਓ ਕਾਲ ਵਿੱਚ ਸ਼ਾਮਲ ਹੋਇਆ ਅਤੇ ਕਿਹਾ ਕਿ ਉਹ (ਹਰਭਜਨ) ਇਸ ਘਟਨਾ ਲਈ ‘ਸ਼ਰਮਿੰਦਾ’ ਹੈ। ਉਸ ਨੇ ਕਿਹਾ, ‘‘ਜੋ ਵੀ ਹੋਇਆ, ਉਹ ਗਲਤ ਸੀ। ਮੈਂ ਗਲਤੀ ਕੀਤੀ। ਮੇਰੇ ਕਰਕੇ ਮੇਰੀ ਟੀਮ ਦੇ ਮੈਂਬਰਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਮੈਂ ਸ਼ਰਮਿੰਦਾ ਸੀ। ਜੇ ਮੈਂ ਕੋਈ ਇੱਕ ਗਲਤੀ ਸੁਧਾਰਨੀ ਚਾਹਵਾਂ ਤਾਂ ਉਹ ਸ੍ਰੀਸੰਤ ਨਾਲ ਮੈਦਾਨ ਵਿੱਚ ਕੀਤਾ ਗਿਆ ਵਿਵਹਾਰ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਜਦੋਂ ਮੈਂ ਇਸ ਬਾਰੇ ਸੋਚਦਾ ਹਾਂ ਤਾਂ ਲੱਗਦਾ ਹੈ ਕਿ ਇਸ ਦੀ ਕੋਈ ਜ਼ਰੂਰਤ ਨਹੀਂ ਸੀ।’ -ਆਈਏਐੱਨਐੱਸ