ਗੁਰਦੇਵ ਸਿੰਘ ਗਹੂੰਣ
ਬਲਾਚੌਰ, 7 ਮਾਰਚ
ਫਰੈਂਡਜ਼ ਸਪੋਰਟਸ ਕਲੱਬ ਗੁੱਲਪੁਰ ਵੱਲੋਂ ਨਗਰ ਨਿਵਾਸੀਆਂ ਅਤੇ ਐੱਨਆਰਆਈ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਹਿਤ ਕਰਵਾਏ ਗਏ 19ਵੇਂ ਫੁਟਬਾਲ ਟੂਰਨਾਮੈਂਟ ’ਚ ਵੱਡੀ ਗਿਣਤੀ ਟੀਮਾਂ ਨੇ ਹਿੱਸਾ ਲਿਆ। ਕਲੱਬ ਦੇ ਪ੍ਰਧਾਨ ਸੁਰਜੀਤ ਸਿੰਘ ਛੋਕਰ ਤੇ ਉੱਪ ਪ੍ਰਧਾਨ ਰਾਜਵੀਰ ਸਿੰਘ ਛੋਕਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 20 ਚੋਣਵੀਆਂ ਫੁੱਟਬਾਲ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਦੇ ਅੰਤਿਮ ਦਿਨ ਰੱਸਾਕਸ਼ੀ ਅਤੇ ਟਰਾਲੀ ਬੈਕ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਫੁਟਬਾਲ ਦਾ ਫਾਈਨਲ ਮੈਚ ਧਮਾਈ ਅਤੇ ਸੜੋਆ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਧਮਾਈ ਦੀ ਟੀਮ ਨੇ ਸੜੋਆ ਦੀ ਟੀਮ ਨੂੰ 1-0 ਨਾਲ ਹਰਾ ਕੇ ਜਿੱਤ ਦੀ ਟਰਾਫੀ ਅਤੇ ਨਗਦ ਇਨਾਮੀ ਰਾਸ਼ੀ ’ਤੇ ਕਬਜ਼ਾ ਕੀਤਾ।
ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ ’ਤੇ ਰਹਿਣ ਵਾਲੀ ਧਮਾਈ ਦੀ ਟੀਮ ਨੂੰ 51 ਹਜ਼ਾਰ ਰੁਪਏ, ਦੂਜੇ ਸਥਾਨ ’ਤੇ ਰਹਿਣ ਵਾਲੀ ਸੜੋਆ ਦੀ ਟੀਮ ਨੂੰ 41 ਹਜ਼ਾਰ ਰੁਪਏ, ਤੀਜੇ ਨੰਬਰ ‘ਤੇ ਰਹਿਣ ਵਾਲੀ ਕਰਾਵਰ ਦੀ ਟੀਮ ਨੂੰ 21 ਹਜ਼ਾਰ ਰੁਪਏ ਅਤੇ ਚੌਥੇ ਨੰਬਰ ’ਤੇ ਰਹਿਣ ਵਾਲੀ ਜਗਤਪੁਰ ਦੀ ਟੀਮ ਨੂੰ 11 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੋਂ ਇਲਾਵਾ ਸਨਮਾਨ ਚਿੰਨ੍ਹ ਵਜੋਂ ਟਰਾਫੀਆਂ ਦਿੱਤੀਆਂ ਗਈਆਂ।
ਕਪੂਰਥਲੇ ਦੀ ਹੋਣਹਾਰ ਲੜਕੀ ਜੋਤੀ ਵਲੋਂ ਆਪਣੇ ਸਹਾਇਕ ਨਾਲ ਬੁਲੇਟ ਮੋਟਰਸਾਈਕਲ ਉੱਪਰ ਹੈਰਤਅੰਗੇਜ਼ ਕਰਤੱਬ ਦਿਖਾ ਕੇ ਦਰਸ਼ਕਾਂ ਤੋਂ ਵਾਹ-ਵਾਹ ਖੱਟੀ। ਇਨਾਮਾਂ ਦੀ ਵੰਡ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕੀਤੀ। ਇਸ ਮੌਕੇ ਕਲੱਬ ਦੇ ਸਰਪ੍ਰਸਤ ਹਰਜਿੰਦਰ ਸਿੰਘ, ਜਨਰਲ ਸਕੱਤਰ ਕਾਕਾ ਛੋਕਰ, ਸੁਖਵਿੰਦਰ ਸਿੰਘ ਸਰਪੰਚ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।