ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ(ਮੁਹਾਲੀ), 7 ਨਵੰਬਰ
ਸੋਹਾਣਾ ਦੇ ਬੈਦਵਾਣ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਯਾਦਗਾਰੀ ਕਬੱਡੀ ਕੱਪ ਆਰੰਭ ਹੋ ਗਿਆ। ਇਨ੍ਹਾਂ ਖੇਡਾਂ ਦਾ ਆਰੰਭ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ, ਗੁਰਦੁਆਰਾ ਸਿੰਘ ਸ਼ਹੀਦਾਂ ਦੀ ਸਮੁੱਚੀ ਕਮੇਟੀ, ਕਬੱਡੀ ਪ੍ਰਮੋਟਰ ਮਿੰਦਰ ਸੋਹਾਣਾ ਅਤੇ ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਵੱਲੋਂ ਕੀਤਾ ਗਿਆ।
ਪਹਿਲੇ ਦਿਨ ਹੋਏ ਕਬੱਡੀ ਮੁਕਾਬਲਿਆਂ ਵਿੱਚ 32 ਕਿਲੋ ਵਰਗ ਭਾਰ ਵਿੱਚ ਆਈਆਂ 20 ਟੀਮਾਂ ’ਚੋਂ ਬਠਿੰਡਾ ਜ਼ਿਲ੍ਹੇ ਦੇ ਜੰਡਵਾਲਾ ਦੇ ਖਿਡਾਰੀਆਂ ਨੇ ਫ਼ਤਹਿਗੜ੍ਹ ਸਾਹਿਬ ਦੇ ਨੰਦਪੁਰ ਕਲੌੜ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 37 ਕਿਲੋ ਵਰਗ ’ਚ 18 ਟੀਮਾਂ ਪਹੁੰਚੀਆਂ, ਜਿਨ੍ਹਾਂ ’ਚੋਂ ਸੰਗਰੂਰ ਜ਼ਿਲ੍ਹੇ ਅਕਬਰ ਛੰਨਾ ਨੇ ਪਹਿਲਾ ਅਤੇ ਲੁਧਿਆਣਾ ਦੇ ਬੁਰਜ ਹਰੀ ਸਿੰਘ ਨੇ ਦੂਜਾ ਸਥਾਨ ਜਿੱਤਿਆ। ਕਬੱਡੀ ਦੇ 47 ਕਿਲੋ ਵਰਗ ਵਿੱਚ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਝੀਲ ਦੇ ਖਿਡਾਰੀਆਂ ਨੇ ਪਹਿਲਾ ਅਤੇ ਲੁਧਿਆਣਾ ਦੇ ਪਿੰਡ ਜੱਸੜਾਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਪ੍ਰਬੰਧਕਾਂ ਨੇ ਦੱਸਿਆ ਕਿ 8 ਨਵੰਬਰ ਸੋਮਵਾਰ ਨੂੰ ਕਬੱਡੀ ਮੁਕਾਬਲਿਆਂ ਦੇ ਆਖਰੀ ਦਿਨ 75 ਕਿਲੋ ਅਤੇ ਇੱਕ ਪਿੰਡ ਓਪਨ ਕਬੱਡੀ (ਤਿੰਨ ਖਿਡਾਰੀ ਬਾਹਰਲੇ) ਦੇ ਮੁਕਾਬਲੇ ਹੋਣਗੇ। ਨੰਬਰਦਾਰ ਕਰਮਜੀਤ ਸਿੰਘ ਮੌਲੀ, ਅਮਨ ਪੂਨੀਆ ਨੇ ਵੀ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।
ਸੋਨੂ ਬੱਦੋਵਾਲ ਦਾ ਕੁੱਤਾ ਬਲੈਕ ਹੈਵਨ ਜੇਤੂ
ਕੁੱਤਿਆਂ ਦੀਆਂ ਦੌੜਾਂ ਦੇ ਦਿਲਚਸਪ ਮੁਕਾਬਲਿਆਂ ’ਚ ਸੋਨੂੰ ਬੱਦੋਵਾਲ ਦਾ ਕੁੱਤਾ ਬਲੈਕ ਹੈਵਨ ਪਹਿਲੇ ਸਥਾਨ ’ਤੇ ਰਿਹਾ। ਲਾਲੀ ਗੋਸਲਾਂ ਦਾ ਕੁੱਤਾ ਬਲੈਕ ਪਾਵਰ ਦੂਜੇ ਅਤੇ ਕਰਨਵੀਰ ਕੰਗ ਮੋਰਿੰਡਾ ਡੈਨਕੈਲੋ ਦੂਜੇ ਤੇ ਤੀਜੇ ਸਥਾਨ ’ਤੇ ਰਹੇ।