ਕੇਪਟਾਊਨ: ਦੱਖਣੀ ਅਫ਼ਰੀਕਾ ਨੇ ਅੱਜ ਇੱਥੇ ਤੀਜੇ ਇਕ ਰੋਜ਼ਾ ਮੈਚ ਵਿਚ ਭਾਰਤ ਨੂੰ ਚਾਰ ਦੌੜਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਤਿੰਨ ਮੈਚਾਂ ਦੀ ਲੜੀ ’ਤੇ ਮੇਜ਼ਬਾਨ ਟੀਮ ਨੇ ਹੂੰਝਾਫੇਰ ਦਿੱਤਾ। ਭਾਰਤ ਦੀ ਟੀਮ 49.2 ਓਵਰਾਂ ਵਿਚ 283 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਵੱਲੋਂ ਵਿਰਾਟ ਕੋਹਲੀ, ਸ਼ਿਖਰ ਧਵਨ ਤੇ ਦੀਪਕ ਚਾਹਰ ਨੇ ਅਰਧ ਸੈਂਕੜੇ ਜੜੇ। ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਨੇ ਫਾਰਮ ਵਿਚ ਚੱਲ ਰਹੇ ਸਲਾਮੀ ਬੱਲੇਬਾਜ਼ ਕਵਿੰਟਨ ਡਿਕਾਕ (124) ਦੇ ਸ਼ਾਨਦਾਰ ਸੈਂਕੜੇ ਤੇ ਰਾਸੀ ਵਾਨ ਡਰ ਡੁਸੇਨ (52) ਦੇ ਅਰਧ ਸੈਂਕੜੇ ਦੀ ਮਦਦ ਨਾਲ ਤੀਜੇ ਤੇ ਆਖਰੀ ਇਕ ਰੋਜ਼ਾ ਮੈਚ ਵਿਚ ਭਾਰਤ ਨੂੰ ਜਿੱਤ ਲਈ 288 ਦੌੜਾਂ ਦਾ ਟੀਚਾ ਦਿੱਤਾ। ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਦੱਖਣੀ ਅਫ਼ਰੀਕਾ ਦੀ ਪਾਰੀ 49.5 ਓਵਰਾਂ ਵਿਚ 287 ਦੌੜਾਂ ਉਤੇ ਸਿਮਟ ਗਈ। ਵਿਕਟਕੀਪਰ ਬੱਲੇਬਾਜ਼ ਡਿਕਾਕ ਨੇ 130 ਗੇਂਦਾਂ ਵਿਚ 124 ਦੌੜਾਂ ਦੀ ਪਾਰੀ ਖੇਡੀ ਤੇ ਡੁਸੇਨ ਨਾਲ ਚੌਥੇ ਵਿਕਟ ਲਈ 144 ਦੌੜਾਂ ਦੀ ਭਾਈਵਾਲੀ ਕੀਤੀ। ਦੱਖਣੀ ਅਫ਼ਰੀਕਾ ਨੇ ਪਹਿਲੇ ਦੋ ਮੈਚ ਜਿੱਤ ਕੇ ਲੜੀ ਵਿਚ 2-0 ਨਾਲ ਲੀਡ ਬਣਾਈ ਹੋਈ ਹੈ। ਜਸਪ੍ਰੀਤ ਬੁਮਰਾਹ ਨੇ ਭਾਰਤ ਵੱਲੋਂ ਦੋ ਵਿਕਟ ਲਏ। ਦੱਖਣੀ ਅਫ਼ਰੀਕਾ ਵੱਲੋਂ ਡੇਵਿਡ ਮਿਲਰ ਨੇ 39 ਤੇ ਡਵੇਨ ਪ੍ਰਿਟੋਰੀਅਸ ਨੇ 20 ਦੌੜਾਂ ਦਾ ਯੋਗਦਾਨ ਦਿੱਤਾ। -ਪੀਟੀਆਈ