ਬਰਲਿਨ: ਮੀਂਹ ਕਾਰਨ ਸਪੈਸ਼ਲ ਓਲੰਪਿਕਸ ਵਿਸ਼ਵ ਖੇਡਾਂ ਦੇ 7ਵੇਂ ਦਿਨ ਸ਼ੁੱਕਰਵਾਰ ਨੂੰ ਕਈ ਆਊਟਡੋਰ ਖੇਡ ਈਵੈਂਟ ਰੱਦ ਜਾਂ ਮੁਅੱਤਲ ਕਰਨੇ ਪਏ ਪਰ ਭਾਰਤੀ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਰੋਲਰ ਸਕੇਟਿੰਗ ‘ਚ ਕਈ ਤਗ਼ਮੇ ਆਪਣੇ ਨਾਮ ਕੀਤੇ। ਰੋਲਰ ਸਕੇਟਿੰਗ ਵਿੱਚ ਭਾਰਤੀ ਖਿਡਾਰੀਆਂ ਨੇ 9 ਤਗ਼ਮੇ ਜਿੱਤੇ ਜਿਨ੍ਹਾਂ ਵਿੱਚ 3 ਸੋਨ ਤਗ਼ਮੇ, 5 ਚਾਂਦੀ ਅਤੇ 1 ਕਾਂਸੀ ਦਾ ਤਗ਼ਮਾ ਸ਼ਾਮਲ ਹੈ। ਇਸ ਖੇਡ ‘ਚ ਮੁਹੰਮਦ ਨਿਸਾਰ (30 ਮੀਟਰ ਸਲੈਲਮ) ਤੋਂ ਇਲਾਵਾ ਆਰੀਅਨ ਅਤੇ ਅਭਿਜੀਤ ਨੇ 2X100 ਮੀਟਰ ਰਿਲੇਅ ਦੌੜ ‘ਚ ਸੋਨ ਤਗ਼ਮੇ ਜਿੱਤੇ। ਟੂਰਨਾਮੈਂਟ ‘ਚ ਸ਼ੁੱਕਰਵਾਰ ਤੱਕ ਭਾਰਤ ਦੇ ਤਗ਼ਮਿਆਂ ਦੀ ਕੁੱਲ ਗਿਣਤੀ 96 ਹੋ ਗਈ ਸੀ ਜਿਸ ਵਿੱਚ 33 ਸੋਨ ਤਗ਼ਮੇ, 37 ਚਾਂਦੀ ਅਤੇ 25 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਜੂਡੋ ਵਿੱਚ ਵੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵੀਰਵਾਰ ਨੂੰ ਸੁਹਾਲੀਆ ਪਰਵੀਨ ਨੇ ਚਾਂਦੀ ਤਗ਼ਮੇ ਨਾਲ ਇਸ ਖੇਡ ‘ਚ ਭਾਰਤ ਦਾ ਖਾਤਾ ਖੋਲ੍ਹਿਆ ਸੀ । -ਪੀਟੀਆਈ