ਬਰਮਿੰਘਮ, 8 ਅਗਸਤ
ਦੀਪਿਕਾ ਪੱਲੀਕਲ ਤੇ ਸੌਰਵ ਘੋਸ਼ਾਲ ਦੀ ਭਾਰਤੀ ਜੋੜੀ ਨੇ ਰਾਸ਼ਟਰਮੰਡਲ ਖੇਡਾਂ ਦੇ ਸਕੁਐਸ਼ ਦੇ ਮਿਕਸਡ ਡਬਲਜ਼ ਮੁਕਾਬਲੇ ’ਚ ਕਾਂਸੀ ਤਗ਼ਮਾ ਜਿੱਤਿਆ ਹੈ। ਭਾਰਤੀ ਜੋੜੀ ਨੇ ਕਾਂਸੀ ਤਗ਼ਮੇ ਦੇ ਪਲੇਅ ਆਫ ’ਚ ਆਸਟਰੇਲੀਆ ਦੇ ਲੋਬਨ ਡੋਨਾ ਤੇ ਕੈਮਰੂਨ ਪਿਲੇ ਦੀ ਜੋੜੀ ਨੂੰ ਸਿੱਧੇ ਸੈੱਟਾਂ ’ਚ 11-8, 11-4 ਨਾਲ ਹਰਾਇਆ। ਇਸ ਮੈਚ ਦੀ ਖਾਸ ਗੱਲ ਇਹ ਰਹੀ ਕਿ 2018 ਦੀਆਂ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦਾ ਫਾਈਨਲ ਵੀ ਇਨ੍ਹਾਂ ਜੋੜੀਆਂ ਵਿਚਾਲੇ ਹੀ ਖੇਡਿਆ ਗਿਆ ਸੀ ਤੇ ਉਸ ਸਮੇਂ ਭਾਰਤ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਸੀ। ਕਾਂਸੀ ਤਗ਼ਮੇ ਦੇ ਪਲੇਅ ਆਫ ’ਚ ਦੀਪਿਕਾ ਤੇ ਘੋਸ਼ਾਲ ਨੇ ਆਸਟਰੇਲਿਆਈ ਜੋੜੀ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਅਸਾਨੀ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਘੋਸ਼ਾਲ ਲਈ ਇਨ੍ਹਾਂ ਖੇਡਾਂ ਦਾ ਇਹ ਦੂਜਾ ਤਗ਼ਮਾ ਹੈ। ਉਸ ਨੇ ਇਸੇ ਹਫ਼ਤੇ ਪੁਰਸ਼ ਸਿੰਗਲਜ਼ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ ਜੋ ਇਸ ਵਰਗ ’ਚ ਦੇਸ਼ ਲਈ ਪਹਿਲਾ ਤਗ਼ਮਾ ਹੈ। -ਪੀਟੀਆਈ