ਨਵੀਂ ਦਿੱਲੀ: ਬੈਡਮਿੰਟਨ ਦੇ ਮੁੱਖ ਕੋਚ ਪੁਲੇਲਾ ਗੋਪੀਚੰਦ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਕਿਦਾਂਬੀ ਸ੍ਰੀਕਾਂਤ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨਾਲ ਹੀ ਕਿਹਾ ਕਿ ਸ੍ਰੀਕਾਂਤ ਨੂੰ ਅਗਲੇ ਸਾਲ ਲਗਾਤਾਰ ਚੰਗੇ ਪ੍ਰਦਰਸ਼ਨ ਲਈ ਆਪਣੀਆਂ ਗ਼ਲਤੀਆਂ ’ਤੇ ਕਾਬੂ ਪਾਉਣਾ ਹੋਵੇਗਾ। ਦੁਨੀਆਂ ਦੇ ਸਾਬਕਾ ਅੱਵਲ ਨੰਬਰ ਖਿਡਾਰੀ ਸ੍ਰੀਕਾਂਤ ਨੇ ਐਤਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਹ ਇਹ ਮੁਕਾਮ ਹਾਸਲ ਕਰਨ ਵਾਲਾ ਭਾਰਤ ਦਾ ਪਹਿਲਾ ਪੁਰਸ਼ ਖਿਡਾਰੀ ਬਣ ਗਿਆ ਹੈ। ਹਾਲਾਂਕਿ ਉਹ ਫਾਈਨਲ ਵਿੱਚ ਹਾਰ ਗਿਆ ਸੀ। ਗੋਪੀਚੰਦ ਨੇ ਕਿਹਾ, ‘‘ਮੈਚ ਦਰ ਮੈਚ ਸ੍ਰੀਕਾਂਤ ਦੇ ਪ੍ਰਦਰਸ਼ਨ ਵਿੱਚ ਸੁਧਾਰ ਆਉਂਦਾ ਗਿਆ। ਇਸ ਸਾਲ ਸ਼ੁਰੂ ਵਿੱਚ ਉਸ ਅੰਦਰ ਹੌਸਲਾ ਨਹੀਂ ਸੀ, ਪਰ ਲੀ ਜੀ ਜਿਆ ਅਤੇ ਕੈਂਤੋ ਮੋਮੋਤਾ ਵਰਗੇ ਖਿਡਾਰੀਆਂ ਖ਼ਿਲਾਫ਼ ਚੰਗੇ ਪ੍ਰਦਰਸ਼ਨ ਨਾਲ ਉਸ ਦਾ ਹੌਸਲਾ ਵਧਿਆ।’’ ਉਨ੍ਹਾਂ ਕਿਹਾ, ‘‘ਉਹ ਲੈਅ ਵਿੱਚ ਪਰਤ ਆਇਆ ਹੈ, ਪਰ ਅਗਲੇ ਸਾਲ ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਵਰਗੇ ਕਈ ਵੱਡੇ ਟੂਰਨਾਮੈਂਟ ਹੋਣੇ ਹਨ। ਇਨ੍ਹਾਂ ਵਿੱਚ ਪ੍ਰਦਰਸ਼ਨ ਲਈ ਉਸ ਨੂੰ ਆਪਣੀਆਂ ਗ਼ਲਤੀਆਂ ’ਤੇ ਕਾਬੂ ਪਾਉਣਾ ਹੋਵੇਗਾ।’’ -ਪੀਟੀਆਈ