ਬਰਮਿੰਘਮ, 2 ਅਗਸਤ
ਭਾਰਤੀ ਤੈਰਾਕ ਅਦਵੈਤ ਪਾਗੇ ਤੇ ਕੁਸ਼ਾਗਰ ਰਾਵਤ ਨੇ ਆਪਣੀ ਹੀਟ ਵਿਚ ਚੌਥੇ ਸਥਾਨ ਉਤੇ ਰਹਿ ਕੇ ਪੁਰਸ਼ਾਂ ਦੇ 1500 ਮੀਟਰ ਫਰੀਸਟਾਈਲ ਮੁਕਾਬਲੇ ਦੇ ਫਾਈਨਲ ਵਿਚ ਦਾਖਲਾ ਹਾਸਲ ਕਰ ਲਿਆ ਹੈ। ਪਾਗੇ ਨੇ ਪਹਿਲੀ ਹੀਟ ਵਿਚ 15.39.25 ਸਕਿੰਟ ਦਾ ਸਮਾਂ ਕੱਢਿਆ ਜਦਕਿ ਰਾਵਤ ਨੇ ਦੂਸਰੀ ਹੀਟ ਵਿਚ 15.47.77 ਸਕਿੰਟ ਦਾ ਸਮਾਂ ਕੱਢਿਆ। ਇਸ ਤੋਂ ਪਹਿਲਾਂ ਭਾਰਤ ਦੇ ਚੋਟੀ ਦੇ ਤੈਰਾਕ ਸ੍ਰੀਹਰੀ ਨਟਰਾਜ ਨੇ ਰਾਸ਼ਟਰਮੰਡਲ ਖੇਡਾਂ ਦੇ ਅੱਜ ਇੱਥੇ 200 ਮੀਟਰ ਬੈਕਸਟ੍ਰੋਕ ਮੁਕਾਬਲੇ ਵਿਚ ‘ਸਰਵੋਤਮ ਭਾਰਤੀ ਸਮਾਂ’ ਕੱਢਿਆ ਪਰ ਉਹ ਹੀਟ ਦੋ ਵਿਚ ਤੀਜੇ ਸਥਾਨ ਉਤੇ ਰਹਿੰਦਿਆਂ ਫਾਈਨਲ ਲਈ ਕੁਆਲੀਫਾਈ ਕਰਨ ਵਿਚ ਨਾਕਾਮ ਰਹੇ। ਨਟਰਾਜ ਨੇ ਦੋ ਮਿੰਟ 00:84 ਸਕਿੰਟ ਦਾ ਸਮਾਂ ਲਿਆ ਤੇ ਉਹ ਇਸ ਮੁਕਾਬਲੇ ਦੇ ਫਾਈਨਲ ਵਿਚ ਪਹਿਲੇ ਰਿਜ਼ਰਵ ਖਿਡਾਰੀ ਸਨ।
ਉਨ੍ਹਾਂ ਦਾ ਪਿਛਲਾ ਸਰਵੋਤਮ ਪ੍ਰਦਰਸ਼ਨ ਦੋ ਮਿੰਟ 01.70 ਸਕਿੰਟ ਸੀ ਜੋ ਉਨ੍ਹਾਂ 2019 ਵਿਚ ਐਫਆਈਐਨਏ ਵਿਸ਼ਵ ਜੂਨੀਅਰ ਤੈਰਾਕੀ ਚੈਂਪੀਅਨਸ਼ਿਪ ਵਿਚ ਹਾਸਲ ਕੀਤਾ ਸੀ। ਤੈਰਾਕੀ ਵਿਚ ਖਿਡਾਰੀ ਦੇ ਸਮੇਂ ਨੂੰ ਰਾਸ਼ਟਰੀ ਰਿਕਾਰਡ ਉਦੋਂ ਹੀ ਮੰਨਿਆ ਜਾਂਦਾ ਹੈ ਜਦ ਉਸ ਨੂੰ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਵਿਚ ਹਾਸਲ ਕੀਤਾ ਗਿਆ ਹੋਵੇ। ਇਸ ਲਈ ਹੋਰਨਾਂ ਮੁਕਾਬਲਿਆਂ ਵਿਚ ਇਸ ਨੂੰ ਸਰਵੋਤਮ ਭਾਰਤੀ ਸਮਾਂ ਕਿਹਾ ਜਾਂਦਾ ਹੈ।
ਇੰਗਲੈਂਡ ਦੇ ਲਿਊਕ ਗ੍ਰੀਨਬੈਂਕ ਨੇ ਇਕ ਮਿੰਟ 56.33 ਸਕਿੰਟ ਦੇ ਸਮੇਂ ਨਾਲ ਹੀਟ ਆਪਣੇ ਨਾਂ ਕੀਤੀ, ਜਦਕਿ ਦੱਖਣੀ ਅਫ਼ਰੀਕਾ ਦੇ ਪੀਟਰ ਕੋਏਟਜ਼ ਨੇ ਇਕ ਮਿੰਟ 58.08 ਸਕਿੰਟ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ। ਤਿੰਨ ਹੀਟ ਵਿਚੋਂ ਸਰਵੋਤਮ ਅੱਠ ਤੈਰਾਕਾਂ ਨੇ ਫਾਈਨਲ ਲਈ ਕੁਆਲੀਫਾਈ ਕੀਤਾ। ਨਟਰਾਜ ਨੌਵੇਂ ਸਥਾਨ ਉਤੇ ਰਹੇ ਤੇ ਉਨ੍ਹਾਂ ਨੂੰ ਪਹਿਲਾਂ ਰਿਜ਼ਰਵ ਰੂਪ ਵਿਚ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਤੈਰਾਕ ਫਾਈਨਲ ਤੋਂ ਪਹਿਲਾਂ ਬਾਹਰ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਮੁਕਾਬਲੇ ਦਾ ਮੌਕਾ ਮਿਲੇਗਾ। -ਪੀਟੀਆਈ