ਨਵੀਂ ਦਿੱਲੀ: ਭਾਰਤੀ ਤੈਰਾਕ ਮਾਨਾ ਪਟੇਲ ਨੇ ਫਰਾਂਸ ਵਿੱਚ ਮਾਰੇ ਨੋਸਟ੍ਰਮ ਤੈਰਾਕੀ ’ਚ ਮਹਿਲਾਵਾਂ ਦੇ 100 ਮੀਟਰ ਬੈਕਸਟ੍ਰੋਕ ਮੁਕਾਬਲੇ ਵਿੱਚ ‘ਸਰਬੋਤਮ ਭਾਰਤੀ ਸਮਾਂ’ ਕੱਢਿਆ ਹੈ। ਗੁਜਰਾਤ ਦੀ 22 ਸਾਲਾ ਓਲੰਪੀਅਨ ਤੈਰਾਕ ਨੇ ਮੁਕਾਬਲੇ ਦੇ ਆਖਰੀ ਦਿਨ ਐਤਵਾਰ ਨੂੰ 1 ਮਿੰਟ 03:69 ਸਕਿੰਟ ਦੇ ਸਮੇਂ ਨਾਲ ਸਰਬੋਤਮ ਵਿਅਕਤੀਗਤ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਦਾ ਰਿਕਾਰਡ ਵੀ ਉਸ ਦੇ ਨਾਮ ’ਤੇ ਹੈ, ਜੋ ਉਸ ਨੇ ਬੈਲਗ੍ਰੇਡ ਵਿੱਚ 1 ਮਿੰਟ 03:87 ਸਕਿੰਟ ਦਾ ਸਮਾਂ ਲੈ ਕੇ ਬਣਾਇਆ ਸੀ। ਤੈਰਾਕੀ ਵਿੱਚ ‘ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ’ ਦੇ ਰਿਕਾਰਡ ਨੂੰ ਰਾਸ਼ਟਰੀ ਰਿਕਾਰਡ ਮੰਨਿਆ ਜਾਂਦਾ ਹੈ, ਜਦੋਂ ਕਿ ਕਿਸੇ ਹੋਰ ਮੁਕਾਬਲੇ ਦੇ ਰਿਕਾਰਡ ਸਮੇਂ ਨੂੰ ‘ਸਰਬੋਤਮ ਭਾਰਤੀ ਸਮਾਂ’ ਕਿਹਾ ਜਾਂਦਾ ਹੈ। -ਪੀਟੀਆਈ