ਬਰਮਿੰਘਮ: ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੇ 54.68 ਸਕਿੰਟ ਦਾ ਸਮਾਂ ਕੱਢ ਕੇ ਅੱਜ ਰਾਸ਼ਟਰ ਮੰਡਲ ਖੇਡਾਂ ’ਚ ਪੁਰਸ਼ਾਂ ਦੇ 100 ਮੀਟਰ ਬੈਕ ਸਟ੍ਰੋਕ ਮੁਕਾਬਲੇ ਦੇ ਸੈਮੀਫਾਈਨਲ ’ਚ ਥਾਂ ਬਣਾ ਲਈ ਹੈ। ਬੰਗਲੂਰੂ ਦਾ 21 ਸਾਲਾ ਨਟਰਾਜ ਆਪਣੀ ਹੀਟ ’ਚ ਤੀਜੇ ਤੇ ਕੁੱਲ ਪੰਜਵੇਂ ਸਭ ਤੋਂ ਤੇਜ਼ ਤੈਰਾਕ ਰਿਹਾ। ਜੇਕਰ ਉਹ ਆਪਣਾ ਸਰਵੋਤਮ ਪ੍ਰਦਰਸ਼ਨ 53.77 ਸਕਿੰਟ ਦੁਹਰਾਉਂਦਾ ਤਾਂ ਹੀਟ ’ਚ ਸਿਖਰ ’ਤੇ ਰਹਿੰਦਾ। ਦੱਖਣੀ ਅਫਰੀਕਾ ਦਾ ਪੀਟਰ ਕੋਜੇ 53.91 ਸਕਿੰਟ ਦਾ ਸਮਾਂ ਕੱਢ ਕੇ ਸਿਖਰ ’ਤੇ ਰਿਹਾ। ਸਾਜਨ ਪ੍ਰਕਾਸ਼ ਤੇ ਪਹਿਲੀ ਵਾਰ ਖੇਡ ਰਹੇ ਕੁਸ਼ਾਗਰ ਰਾਵਤ ਆਪੋ ਆਪਣੇ ਵਰਗਾਂ ’ਚ ਸੈਮੀ ਫਾਈਨਲ ’ਚ ਨਹੀਂ ਪਹੁੰਚ ਸਕੇ। ਪ੍ਰਕਾਸ਼ ਹੀਟ ’ਚ ਅੱਠਵੇਂ ਸਥਾਨ ’ਤੇ ਰਿਹਾ ਜਿਸ ਨੇ ਪੁਰਸ਼ਾਂ ਦੇ 50 ਮੀਟਰ ਬਟਰ ਫਲਾਈ ਮੁਕਾਬਲੇ ’ਚ 25.01 ਸਕਿੰਟ ਦਾ ਸਮਾਂ ਕੱਢਿਆ। ਸਿਖਰਲੇ 16 ਤੈਰਾਕ ਸੈਮੀ ਫਾਈਨਲ ’ਚ ਪਹੁੰਚੇ ਹਨ। ਕੁਸ਼ਾਗਰ ਪੁਰਸ਼ਾਂ ਦੇ 400 ਮੀਟਰ ਫਰੀ ਸਟਾਈਲ ਮੁਕਾਬਲੇ ’ਚ 3:57:45 ਸਕਿੰਟ ਦਾ ਸਮਾਂ ਕੱਢ ਕੇ ਆਪਣੀ ਹੀਟ ’ਚ ਆਖਰੀ ਸਥਾਨ ’ਤੇ ਰਿਹਾ। ਕੁਸ਼ਾਗਰ ਤੇ ਪ੍ਰਕਾਸ਼ ਹੁਣ ਦੂਜੇ ਵਰਗਾਂ ’ਚ ਚੁਣੌਤੀ ਪੇਸ਼ ਕਰਨਗੇ। -ਪੀਟੀਆਈ