ਹਾਂਗਜ਼ੂ, 26 ਸਤੰਬਰ
ਭਾਰਤ ਦੀ ਸਟਾਰ ਤਲਵਾਰਬਾਜ਼ ਭਵਾਨੀ ਦੇਵੀ ਨੇ ਏਸ਼ਿਆਈ ਖੇਡਾਂ ’ਚ ਮਹਿਲਾਵਾਂ ਦੇ ਸਾਬਰੇ ਮੁਕਾਬਲੇ ’ਚ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਕੁਆਰਟਰ ਫਾਈਨਲ ’ਚ ਚੀਨ ਦੀ ਯਾਕੀ ਸ਼ਾਓ ਤੋਂ ਹਾਰ 7-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਏਸ਼ਿਆਈ ਖੇਡਾਂ ਵਿੱਚ ਆਪਣੇ ਪਹਿਲੇ ਤਗ਼ਮੇ ਤੋਂ ਇੱਕ ਜਿੱਤ ਦੂਰ ਰਹੀ ਓਲੰਪੀਅਨ ਭਵਾਨੀ ਦੇਵੀ ਨੇ ਕੁਆਰਟਰ ਫਾਈਨਲ ਦੇ ਪਹਿਲੇ ਗੇੜ ਵਿੱਚ ਚੰਗੀ ਸ਼ੁਰੂਆਤ ਕੀਤੀ। ਹਾਲਾਂਕਿ ਉਸ ਦੀ ਚੀਨੀ ਵਿਰੋਧੀ ਨੇ ਤਿੰਨ ਦੇ ਮੁਕਾਬਲੇ ਸੱਤ ਟੱਚ ਜ਼ਰੀਏ 8-3 ਦੀ ਲੀਡ ਲੈ ਲਈ। ਦੂਜੇ ਗੇੜ ਵਿੱਚ ਭਵਾਨੀ ਨੇ ਉਸ ਨੂੰ ਚਾਰ ਵਾਰ ਹੋਰ ਛੂਹਿਆ ਪਰ ਇਹ ਕਾਫ਼ੀ ਨਹੀਂ ਸੀ। ਨਾਕਆਊਟ ਗੇੜ ਵਿੱਚ 15 ਟੱਚ ਤੱਕ ਪਹਿਲਾਂ ਪਹੁੰਚਣ ਵਾਲਾ ਜੇਤੂ ਮੰਨਿਆ ਜਾਂਦਾ ਹੈ ਅਤੇ ਸ਼ਾਓ ਨੇ ਦੂਜੇ ਗੇੜ ਵਿੱਚ ਆਸਾਨੀ ਨਾਲ ਇਹ ਅੰਕੜਾ ਛੂਹ ਲਿਆ। ਤਲਵਾਰਬਾਜ਼ੀ ਵਿੱਚ ਸੈਮੀਫਾਈਨਲ ’ਚ ਪਹੁੰਚਣ ’ਤੇ ਕਾਂਸੀ ਦਾ ਤਗਮਾ ਪੱਕਾ ਹੋ ਜਾਂਦਾ ਹੈ ਪਰ ਭਵਾਨੀ ਦੇਵੀ ਦੀ ਕਿਸਮਤ ਖ਼ਰਾਬ ਸੀ ਕਿ ਕੁਆਰਟਰ ਫਾਈਨਲ ਵਿੱਚ ਹੀ ਉਸ ਦਾ ਸਾਹਮਣਾ 2018 ਵਿੱਚ ਏਸ਼ਿਆਈ ਖੇਡਾਂ ’ਚ ਚਾਂਦੀ ਦਾ ਤਗਮਾ ਜੇਤੂ ਖਿਡਾਰਨ ਨਾਲ ਹੋ ਗਿਆ। ਇਸ ਤੋਂ ਪਹਿਲਾਂ ਉਹ ਆਪਣੇ ਪੂਲ ਵਿੱਚ ਸਿਖਰ ’ਤੇ ਰਹਿ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚੀ ਸੀ। -ਪੀਟੀਆਈ