ਸਿਡਨੀ: ਭਾਰਤ ਅਤੇ ਆਸਟਰੇਲੀਆ ਵਿਚਾਲੇ ਇਥੇ ਚੱਲ ਰਹੇ ਤੀਜੇ ਟੈਸਟ ਮੈਚ ਦੇ ਚੌਥੇ ਦਿਨ ਅੱਜ ਆਸਟਰੇਲੀਆ ਨੇ ਦੂਜੀ ਪਾਰੀ ਵਿੱਚ ਭਾਰਤ ਨੂੰ 407 ਦੌੜਾਂ ਦਾ ਟੀਚਾ ਦਿੱਤਾ ਹੈ। ਅੱਜ ਸਵੇਰੇ ਕੈਮਰਨ ਗ੍ਰੀਨ (84), ਸਟੀਵ ਸਮਿਥ (81) ਅਤੇ ਮਾਰਨਸ ਲਾਬੂਸ਼ੇਨ (73) ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਆਸਟਰੇਲੀਆ ਨੇ ਛੇ ਵਿਕਟਾਂ ਦੇ ਨੁਕਸਾਨ ’ਤੇ 312 ਦੌੜਾਂ ਬਣਾ ਕੇ ਦੂਜੀ ਪਾਰੀ ਐਲਾਨ ਦਿੱਤੀ। ਇਸ ਤੋਂ ਪਹਿਲਾਂ ਆਸਟਰੇਲੀਆ ਕੋਲ 94 ਦੌੜਾਂ ਦੀ ਲੀਡ ਸੀ। ਟੀਚੇ ਦਾ ਪਿੱਛਾ ਕਰਦੇ ਹੋਏ ਰੋਹਿਤ ਸ਼ਰਮਾ ਨੀਮ ਸੈਂਕੜਾ ਬਣਾ ਕੇ ਆਪਣੀ ਵਿਕਟ ਗੁਆ ਬੈਠਾ, ਜਿਸ ਕਰਕੇ ਭਾਰਤੀ ਟੀਮ ਮੁਸ਼ਕਲਾਂ ਵਿੱਚ ਘਿਰ ਗਈ। ਅੱਜ ਦੀ ਖੇਡ ਖ਼ਤਮ ਹੋਣ ਤਕ ਭਾਰਤੀ ਟੀਮ ਦੋ ਵਿਕਟਾਂ ਗੁਆ ਕੇ 98 ਦੌੜਾਂ ’ਤੇ ਖੇਡ ਰਹੀ ਸੀ ਅਤੇ ਕਪਤਾਨ ਅਜਿੰਕਿਆ ਰਹਾਨੇ 4 ਅਤੇ ਚੇਤੇਸ਼ਵਰ ਪੁਜਾਰਾ 9 ਦੌੜਾਂ ਬਣਾ ਕੇ ਡਟੇ ਹੋਏ ਸਨ। ਭਾਰਤੀ ਟੀਮ ਨੂੰ ਜਿੱਤ ਲਈ ਆਖਰੀ ਦਿਨ 309 ਦੌੜਾਂ ਦੀ ਜ਼ਰੂਰਤ ਹੈ ਅਤੇ 8 ਵਿਕਟਾਂ ਬਾਕੀ ਹਨ। ਰਵਿੰਦਰ ਜਡੇਜਾ ਅਤੇ ਰਿਸ਼ਭ ਪੰਤ ਦੇ ਜ਼ਖ਼ਮੀ ਹੋਣ ਕਾਰਨ ਭਾਰਤ ਲਈ ਇਹ ਮੈਚ ਜਿੱਤਣਾ ਔਖਾ ਹੋ ਸਕਦਾ ਹੈ। -ਪੀਟੀਆਈ