ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 20 ਸਤੰਬਰ
ਮੁਹਾਲੀ ਦੇ ਆਈਐੱਸ ਬਿੰਦਰਾ ਕ੍ਰਿਕਟ ਸਟੇਡੀਅਮ ਵਿਖੇ ਭਾਰਤ ਅਤੇ ਆਸਟਰੇਲੀਆ ਦਰਮਿਆਨ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਹੋਏ ਪਹਿਲੇ ਕ੍ਰਿਕਟ ਮੈਚ ਵਿੱਚ ਆਸਟਰੇਲੀਆ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 6 ਵਿਕਟਾਂ ਉੱਤੇ 208 ਦੌੜਾਂ ਬਣਾਈਆਂ। ਆਸਟਰੇਲੀਆ ਦੀ ਟੀਮ ਨੇ 19.2 ਓਵਰ ਵਿੱਚ ਛੇ ਵਿਕਟਾਂ ਉੱਤੇ 211 ਦੌੜਾਂ ਬਣਾ ਕੇ ਮੈਚ ਨੂੰ ਆਪਣੇ ਨਾਂ ਕਰ ਲਿਆ।
ਭਾਰਤ ਦੇ ਹਾਰਦਿਕ ਪਾਂਡਿਆ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 7 ਚੌਕੇ ਅਤੇ 6 ਛੱਕਿਆਂ ਦੀ ਸਹਾਇਤਾ ਨਾਲ 30 ਗੇਂਦਾਂ ਵਿੱਚ ਬਣਾਈਆਂ ਗਈਆਂ ਨਾਬਾਦ 71 ਦੌੜਾਂ ਅਤੇ ਅਕਸ਼ਰ ਪਟੇਲ ਦੀੇ ਸ਼ਾਨਦਾਰ ਗੇਂਦਬਾਜ਼ੀ ਨਾਲ ਚਾਰ ਓਵਰਾਂ ਵਿੱਚ 17 ਰਨ ਦੇ ਕੇ ਲਈਆਂ 3 ਵਿਕਟਾਂ ਵੀ ਕਿਸੇ ਕੰਮ ਨਾ ਆਈਆਂ। ਭਾਰਤੀ ਖਿਡਾਰੀਆਂ ਵੱਲੋਂ ਛੱਡੇ ਗਏ ਤਿੰਨ ਮਹੱਤਵਪੂਰਣ ਕੈਚ ਵੀ ਟੀਮ ਨੂੰ ਮਹਿੰਗੇ ਪਏ। ਆਸਟਰੇਲੀਆ ਦੇ ਬੱਲੇਬਾਜ਼ ਕੈਮਰਨ ਗਰੀਨ ਨੇ ਧੂੰਆਂ ਧਾਰ ਬੱਲੇਬਾਜ਼ੀ ਕਰਦਿਆਂ 30 ਗੇਂਦਾਂ ਵਿੱਚ 8 ਚੌਕਿਆਂ ਤੇ 4 ਛੱਕਿਆਂ ਦੀ ਸਹਾਇਤਾ ਨਾਲ 61 ਦੌੜਾਂ ਬਣਾਈਆਂ। ਮੈਥਿਓ ਵੇਡ ਨੇ ਟੀਮ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਈ। ਉਨ੍ਹਾਂ 21 ਗੇਂਦਾਂ ਵਿੱਚ 45 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਵਿੱਚ 6 ਚੌਕੇ ਅਤੇ 2 ਛੱਕੇ ਸ਼ਾਮਿਲ ਹਨ।
ਦੋਵੇਂ ਟੀਮਾਂ ਦਰਮਿਆਨ ਦੂਜਾ ਮੈਚ 23 ਸਤੰਬਰ ਨੂੰ ਨਾਗਪੁਰ ਅਤੇ ਤੀਜਾ ਤੇ ਆਖਰੀ ਮੈਚ 25 ਸਤੰਬਰ ਨੂੰ ਹੈਦਰਾਬਾਦ ਵਿਖੇ ਖੇਡਿਆ ਜਾਵੇਗਾ।
ਆਸਟਰੇਲੀਆ ਦੇ ਕਪਤਾਨ ਅਰੋਨ ਫਿੰਚ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤੀ ਪਾਰੀ ਦਾ ਆਰੰਭ ਜ਼ਿਆਦਾ ਵਧੀਆ ਨਹੀਂ ਰਿਹਾ ਤੇ ਪਹਿਲੇ ਪੰਜ ਓਵਰਾਂ ਵਿੱਚ ਹੀ ਭਾਰਤ ਦੀਆਂ ਦੋ ਵਿਕਟਾਂ ਡਿੱਗ ਗਈਆਂ। ਭਾਰਤੀ ਕਪਤਾਨ ਰੋਹਿਤ ਸ਼ਰਮਾ 9 ਗੇਂਦਾਂ ਵਿੱਚ 11 ਰਨ ਬਣਾ ਕੇ ਆਊਟ ਹੋ ਤੀਜੇ ਓਵਰ ਵਿੱਚ ਆਊਟ ਹੋ ਗਏ। ਪੰਜਵੇਂ ਓਵਰ ਵਿੱਚ ਸੱਤ ਗੇਂਦਾਂ ਉੱਤੇ 2 ਰਨ ਦੇ ਸਕੋਰ ਉੱਤੇ ਵਿਰਾਟ ਕੋਹਲੀ ਆਊਟ ਹੋ ਗਏ। 12ਵੇਂ ਓਵਰ ਵਿੱਚ ਭਾਰਤ ਦੀ ਤੀਜੀ ਵਿਕਟ 103 ਦੇ ਸਕੋਰ ਉੱਤੇ ਡਿੱਗੀ, ਜਦੋਂ ਕੇਐੱਲ ਰਾਹੁਲ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 35 ਗੇਂਦਾਂ ਵਿੱਚ 55 ਦੌੜਾਂ ਬਣਾ ਕੇ ਆਊਟ ਹੋਏ। ਚੌਥੀ ਵਿਕਟ 126 ਦੇ ਸਕੋਰ ਤੇ ਡਿੱਗੀ, ਤੇ ਸੂਰੀਆ ਕੁਮਾਰ ਯਾਦਵ ਚਾਰ ਛੱਕਿਆਂ ਅਤੇ ਦੋ ਚੌਕਿਆਂ ਦੀ ਮੱਦਦ ਨਾਲ 46 ਦੌੜਾਂ ਬਣਾ ਕੇ ਆਊਟ ਹੋ ਗਏ। ਅਕਸਰ ਪਟੇਲ ਅਤੇ ਦਿਨੇਸ਼ ਕਾਰਤਿਕ 5-5 ਗੇਂਦਾਂ ਵਿੱਚ 6-6 ਦੌੜਾਂ ਬਣਾਕੇ ਆਊਟ ਹੋਏ। ਹਾਰਦਿਕ ਪਾਂਡਿਆ 71 ਅਤੇ ਹਰਸਲ ਪਟੇਲ 7 ਦੌੜਾਂ ਬਣਾ ਕੇ ਨਾਟ ਆਊਟ ਰਹੇ।
ਆਸਟਰੇਲੀਆ ਨੇ ਬੱਲੇਬਾਜ਼ੀ ਕਰਦਿਆਂ ਕਪਤਾਨ ਅਰੋਨ ਫਿੰਚ ਨੇ 13 ਗੇਂਦਾਂ ਵਿੱਚ 22 ਦੌੜਾਂ, ਕੈਮਰਾਨ ਗਰੀਨ ਨੇ 30 ਗੇਂਦਾਂ ਵਿੱਚ 61 ਦੌੜਾਂ, ਸਟੀਵ ਸਮਿੱਥ ਨੇ 24 ਗੇਂਦਾਂ ਵਿੱਚ 35 ਦੌੜਾਂ, ਗਲੈਨ ਮੈਕਸਵੈੱਲ ਨੇ ਇੱਕ ਰਨ, ਜੋਸ਼ ਇੰਗਲਿਸ਼ ਨੇ 17 ਰਨ, ਟਿੰਮ ਡੇਵਿਡ ਨੇ 18 ਦੌੜਾਂ, ਮੈਥਿਓ ਵੇਡ 45 ਅਤੇ ਪੈਟ ਕਮਿਊਨਿਸ ਚਾਰ ਦੌੜਾਂ ਬਣਾ ਕੇ ਨਾਟ ਆਊਟ ਰਹੇ।
ਆਸਟਰੇਲੀਆ ਦੇ ਗੇਂਦਬਾਜ਼ਾਂ ਵਿੱਚੋਂ ਨੈਥਿਨ ਐਲਿਸ ਨੇ ਚਾਰ ਓਵਰਾਂ ਵਿੱਚ 30 ਰਨ ਦੇ ਕੇ ਤਿੰਨ ਵਿਕਟਾਂ, ਜੋਸ਼ ਹੇਜ਼ਲਵੁੱਡ ਨੇ ਚਾਰ ਓਵਰਾਂ ਵਿੱਚ 39 ਦੌੜਾਂ ਦੇ ਕੇ ਦੋ ਵਿਕਟਾਂ, ਕੈਮਰੋਨ ਗਰੀਨ ਨੇ ਇੱਕ ਵਿਕਟ ਹਾਸਿਲ ਕੀਤੀ। ਭਾਰਤੀ ਗੇਂਦਬਾਜ਼ਾਂ ਵਿੱਚੋਂ ਅਕਸਰ ਪਟੇਲ ਨੇ ਤਿੰਨ, ਓਮੇਸ਼ ਯਾਦਵ ਨੇ ਦੋ ਅਤੇ ਯੁੱਜਵਿੰਦਰ ਚਾਹਲ ਨੇ ਇੱਕ ਵਿਕਟ ਲਈ।
ਭਗਵੰਤ ਮਾਨ ਨੇ ਪਤਨੀ ਅਤੇ ਮਾਤਾ ਸਮੇਤ ਵੇਖਿਆ ਮੈਚ: ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਅਤੇ ਮਾਤਾ ਨੇ ਵੀ ਮੈਚ ਦਾ ਆਨੰਦ ਮਾਣਿਆ। ਉਹ ਛੇ ਕੁ ਵਜੇ ਦੇ ਕਰੀਬ ਸਟੇਡੀਅਮ ਵਿਖੇ ਪਹੁੰਚ ਗਏ ਸਨ ਅਤੇ ਸਾਢੇ ਨੌਂ ਵਜੇ ਤੱਕ ਉਹ ਇੱਥੇ ਮੌਜੂਦ ਰਹੇ। ਉਨ੍ਹਾਂ ਸਟੇਡੀਅਮ ਦੀ ਦਰਸ਼ਕ ਗੈਲਰੀ ਵਿਖੇ ਬਣਾਏ ਗਏ ਯੁਵੀ ਅਤੇ ਭੱਜੀ ਸਟੈਂਡਾਂ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਦੋਵੇਂ ਕ੍ਰਿਕਟਰ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਵੀ ਮੌਜੂਦ ਸਨ।