ਹੋਬਰਟ: ਆਇਰਲੈਂਡ ਨੇ ਅੱਜ ਦੋ ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਅਤੇ ਜ਼ਿੰਬਾਬਵੇ ਨੇ ਸਕਾਟਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੁਪਰ 12 ਵਿੱਚ ਜਗ੍ਹਾ ਬਣਾ ਲਈ ਹੈ। ਆਇਰਲੈਂਡ ਨੇ ਵੈਸਟਇੰਡੀਜ਼ ਨੂੰ ਨੌਂ ਵਿਕਟਾਂ ਨਾਲ ਹਰਾਇਆ। ਇਹ ਇਸ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਮੰਨਿਆ ਜਾ ਰਿਹਾ ਹੈ। ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕਰਦਿਆਂ ਪੰਜ ਵਿਕਟਾਂ ਗੁਆ ਕੇ 146 ਦੌੜਾਂ ਬਣਾਈਆਂ ਸਨ। ਇਹ ਟੀਚਾ ਆਇਰਲੈਂਡ ਨੇ 17.3 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ’ਤੇ 150 ਦੌੜਾਂ ਬਣਾ ਕੇ ਪੂਰਾ ਕਰ ਲਿਆ। ਆਇਰਲੈਂਡ ਦੇ ਸਲਾਮੀ ਬੱਲੇਬਾਜ਼ ਪਾਲ ਸਟਰਲਿੰਗ ਨੇ 48 ਗੇਂਦਾਂ ਵਿੱਚ ਨਾਬਾਦ 66 ਦੌੜਾਂ, ਕਪਤਾਨ ਬਲਬਰਨੀ ਨੇ 37 ਅਤੇ ਵਿਕਟ ਕੀਪਰ ਟਕਰ ਨੇ ਨਾਬਾਦ 45 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਆਇਰਲੈਂਡ ਦੇ ਸਪਿੰਨਰ ਜੈਰੇਥ ਡੇਲਾਨੀ ਨੇ 16 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸੇ ਤਰ੍ਹਾਂ ਜ਼ਿੰਬਾਬਵੇ ਦੀ ਟੀਮ ਸੁਪਰ 12 ਦੇ ਗਰੁੱਪ ਦੋ ਵਿੱਚ ਭਾਰਤ, ਪਾਕਿਸਤਾਨ, ਦੱਖਣੀ ਅਫਰੀਕਾ, ਬੰਗਲਾਦੇਸ਼ ਅਤੇ ਨੈਦਰਲੈਂਡਜ਼ ਨਾਲ ਸ਼ਾਮਲ ਹੋ ਗਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸਕਾਟਲੈਂਡ ਨੇ ਛੇ ਵਿਕਟਾਂ ਗੁਆ ਕੇ 132 ਦੌੜਾਂ ਬਣਾਈਆਂ। ਇਹ ਟੀਚਾ ਜ਼ਿੰਬਾਬਵੇ ਨੇ ਕਪਤਾਨ ਕਰੇਗ ਏਰਵਿਨ ਦੀ 58 ਅਤੇ ਰਜ਼ਾ ਦੀ 40 ਦੌੜਾਂ ਦੀ ਪਾਰੀ ਦੀ ਬਦੌਲਤ 18.3 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ 133 ਦੌੜਾਂ ਬਣਾ ਕੇ ਪੂਰਾ ਕਰ ਲਿਆ। ਇਸ ਹਾਰ ਨਾਲ ਸਕਾਟਲੈਂਡ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ ਹੈ। -ਪੀਟੀਆਈ