ਜੀਲੌਂਗ: ਨਾਮੀਬੀਆ ਨੇ ਅੱਜ ਇੱਥੇ ਟੀ-20 ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਵਿੱਚ ਵੱਡਾ ਉਲਟ-ਫੇਰ ਕਰਦਿਆਂ ਸ੍ਰੀਲੰਕਾ ਨੂੰ 55 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਨਾਮੀਬੀਆ ਨੇ ਸੱਤ ਵਿਕਟਾਂ ’ਤੇ 163 ਦੌੜਾਂ ਬਣਾਈਆਂ। ਇਸ ਵਿੱਚ ਜੈਨ ਫਰਾਈਲਿੰਕ ਨੇ 44 ਅਤੇ ਸਮਿਟ ਨੇ ਨਾਬਾਦ 31 ਦੌੜਾਂ ਦਾ ਯੋਗਦਾਨ ਦਿੱਤਾ। ਜਵਾਬ ’ਚ ਲੰਕਾ ਦੀ ਟੀਮ 19 ਓਵਰਾਂ ’ਚ 108 ਦੌੜਾਂ ’ਤੇ ਆਊਟ ਹੋ ਗਈ। ਏਸ਼ੀਆ ਕੱਪ ਜਿੱਤ ਕੇ ਆਈ ਸ੍ਰੀਲੰਕਾ ਨੂੰ ਹੁਣ ਸੁਪਰ-12 ਵਿੱਚ ਜਗ੍ਹਾ ਬਣਾਉਣ ਵਾਸਤੇ ਦੋਵੇਂ ਮੈਚ ਜਿੱਤਣੇ ਪੈਣਗੇ। ਅੱਜ ਦੇ ਦੂਜੇ ਮੈਚ ਵਿੱਚ ਨੈਦਰਲੈਂਡਜ਼ ਨੇ ਹੇਠਲੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਦੀ ਸੰਜਮੀ ਪਾਰੀ ਦੀ ਬਦੌਲਤ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ ਇਕ ਗੇਂਦ ਬਾਕੀ ਰਹਿੰਦਿਆਂ 3 ਵਿਕਟਾਂ ਨਾਲ ਹਰਾ ਦਿੱਤਾ। ਯੂਏਈ ਨੇ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 111 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰ ਰਹੀ ਨੈਦਰਲੈਂਡਜ਼ ਦੀ ਟੀਮ ਦਾ ਸਕੋਰ ਇਕ ਵੇਲੇ 76/6 ਸੀ। ਸਕੌਟ ਐਡਵਰਡ (ਨਾਬਾਦ 16) ਤੇ ਲੋਗਾਨ ਵੈਨ ਬੀਕ (ਨਾਬਾਦ 4) ਨੇ ਆਖਰੀ ਓਵਰ ਵਿੱਚ ਸੰਜਮ ਨਾਲ ਕੰਮ ਲੈਂਦਿਆਂ ਜਿੱਤ ਆਪਣੀ ਟੀਮ ਦੀ ਝੋਲੀ ਪਾਈ। -ਪੀਟੀਆਈ