ਨਿਊਯਾਰਕ, 12 ਜੂਨ
ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਸੂਰਿਆਕੁਮਾਰ ਯਾਦਵ ਦੇ ਨਾਬਾਦ ਨੀਮ ਸੈਂਕੜੇ ਦੀ ਬਦੌਲਤ ਭਾਰਤ ਅੱਜ ਇਥੇ ਟੀ-20 ਵਿਸ਼ਵ ਕੱਪ ਦੇ ਗਰੁੁੱਪ ‘ਏ’ ਦੇ ਮੁਕਾਬਲੇ ਵਿਚ ਮੇਜ਼ਬਾਨ ਅਮਰੀਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਸੁਪਰ 8 ਗੇੜ ’ਚ ਦਾਖ਼ਲ ਹੋ ਗਿਆ। ਭਾਰਤ ਨੇ ਅਮਰੀਕਾ ਵੱਲੋਂ ਦਿੱਤੇ 111 ਦੌਡਾਂ ਦੇ ਟੀਚੇ ਨੂੰ 18.2 ਓਵਰਾਂ ਵਿਚ ਪੂਰਾ ਕਰ ਲਿਆ। ਸ਼ਿਵਮ ਦੂਬੇ ਨੇ 31 ਨਾਬਾਦ ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਅਮਰੀਕਾ ਦੀ ਟੀਮ ਭਾਰਤ ਖਿਲਾਫ਼ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਨਾਲ 110 ਦੌੜਾਂ ਹੀ ਬਣਾ ਸਕੀ। ਅਰਸ਼ਦੀਪ ਨੇ 4 ਓਵਰਾਂ ਵਿਚ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਅਮਰੀਕਾ ਵੱਲੋਂ ਐੱਨ.ਕੁਮਾਰ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ। ਭਾਰਤ ਲਈ ਹਾਰਦਿਕ ਪਾਂਡਿਆ ਨੇ ਦੋ ਤੇ ਇਕ ਵਿਕਟ ਅਕਸ਼ਰ ਪਟੇਲ ਦੇ ਹਿੱਸੇ ਆਈ। ਭਾਰਤ ਦੀ ਗਰੁੱਪ ਸਟੇਜ ਵਿਚ ਇਹ ਲਗਾਤਾਰ ਤੀਜੀ ਜਿੱਤ ਹੈ। ਭਾਰਤ ਨੇ ਇਸ ਤੋਂ ਪਹਿਲਾਂ ਖੇਡੇ ਦੋ ਮੁਕਾਬਲਿਆਂ ਵਿਚ ਆਇਰਲੈਂਡ ਤੇ ਪਾਕਿਸਤਾਨ ਨੂੰ ਹਰਾਇਆ ਸੀ। ਭਾਰਤ ਤੋਂ ਪਹਿਲਾਂ ਦੱਖਣੀ ਅਫਰੀਕਾ ਤੇ ਆਸਟਰੇਲੀਆ ਸੁਪਰ 8 ਗੇੜ ਵਿਚ ਥਾਂ ਪੱਕੀ ਕਰ ਚੁੱਕੇ ਹਨ। -ਪੀਟੀਆਈ