ਅਬੂਧਾਬੀ, 20 ਅਕਤੂਬਰ
ਸ੍ਰੀਲੰਕਾ ਨੇ ਇਥੇ ਟੀ-20 ਵਿਸ਼ਵ ਕੱਪ ਦੇ ਪਹਿਲੇ ਦੌਰ ਦੇ ਗਰੁੱਪ-ਏ ਮੈਚ ਵਿੱਚ ਬੁੱਧਵਾਰ ਨੂੰ ਆਇਰਲੈਂਡ ਦੀ ਟੀਮ ਨੂੰ 70 ਦੌੜਾਂ ਨਾਲ ਮਾਤ ਦਿੱਤੀ ਤੇ ਸੁਪਰ-12 ਦਾਖਲਾ ਪਾ ਲਿਆ ਹੈ। ਸ੍ਰੀਲੰਕਾ ਨੇ ਵਾਨਿੰਦੂ ਹਸਾਰੰਗਾ ਡੀ ਸਿਲਵਾ (71) ਤੇ ਪਾਥੁਮ ਨਿਸਾਂਕਾ (61) ਦੇ ਅਰਧ ਸੈਕੜਿਆਂ ਅਤੇ ਦੋਹਾਂ ਵਿਚਾਲੇ ਚੌਥੇ ਵਿਕਟ ਲਈ 123 ਦੌੜਾਂ ਦੀ ਸਾਂਝੇਦਾਰੀ ਸਦਕਾ ਆਇਰਲੈਂਡ ਖਿਲਾਫ਼ 7 ਵਿਕਟਾਂ ਗੁਆ ਕੇ 171 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਆਪਣੇ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਕਾਰਨ ਆਇਰਲੈਂਡ ਦੀ ਟੀਮ ਨੂੰ 18.3 ਓਵਰਾਂ ਵਿੱਚ 101 ਦੌੜਾਂ ’ਤੇ ਸਮੇਟ ਦਿੱਤਾ। ਸ੍ਰੀਲੰਕਾ ਦਾ ਸਲਾਮੀ ਬੱਲੇਬਾਜ਼ ਨਿਸਾਂਕਾ 19ਵੇਂ ਓਵਰ ਵਿੱਚ ਆਊਟ ਹੋਇਆ। ਉਸ ਨੇ 47 ਗੇਂਦਾਂ ਵਿੱਚ ਛੇ ਚੌਕੇ ਜੜੇ ਤੇ ਇਕ ਸਿਕਸਰ ਮਾਰਿਆ। ਕਪਤਾਨ ਦਾਸੁਨ ਸ਼ਨਾਕਾ ਨੇ 11 ਗੇਂਦਾਂ ਵਿੱਚ ਨਾਬਾਦ ਰਹਿੰਦਿਆਂ 21 ਦੌੜਾਂ ਦਾ ਯੋਗਦਾਨ ਦਿੱਤਾ। ਆਇਰਲੈਂਡ ਦਾ ਜੋਸ਼ ਲਿਟਿਲ ਸਭ ਤੋਂ ਸਫਲ ਗੇਂਦਬਾਜ਼ ਰਿਹਾ ਜਿਸ ਨੇ 23 ਦੌੜਾਂ ਦੇ ਕੇ ਚਾਰ ਖਿਡਾਰੀ ਆਊਟ ਕੀਤੇ ਜਦੋਂਕਿ ਮਾਰਕ ਅਡੇਅਰ ਨੂੰ ਦੋ ਤੇ ਪਾਲ ਸਟਰਲਿੰਗ ਨੇ ਇਕ ਖਿਡਾਰੀ ਨੂੰ ਆਊਟ ਕੀਤਾ। -ਪੀਟੀਆਈ