ਅਲ ਅਮੀਰਾਤ (ਓਮਾਨ): ਆਈਸੀਸੀ ਟੀ-20 ਵਿਸ਼ਵ ਕੱਪ ਦੇ ਉਦਘਾਟਨੀ ਮੈਚ ਵਿੱਚ ਓਮਾਨ ਨੇ ਅੱਜ ਜਤਿੰਦਰ ਸਿੰਘ (73 ਦੌੜਾਂ) ਅਤੇ ਆਕਬਿ ਇਲਿਆਸ (50 ਦੌੜਾਂ) ਦੇ ਅਰਧ ਸੈੈਕੜਿਆਂ ਦੀ ਬਦੌਲਤ ਪਾਪੂਆ ਨਿਊ ਗਿਨੀ ਨੂੰ ਦਸ ਵਿਕਟਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਹੈ। ਪਾਪੂਆ ਨਿਊ ਗਿਨੀ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਪਹਿਲਾਂ ਖੇਡਦਿਆਂ ਕਪਤਾਨ ਅਸਦ ਵਲਾ ਦੀਆਂ 56 ਦੌੜਾਂ ਸਦਕਾ ਨੌਂ ਵਿਕਟਾਂ ਗੁਆ ਕੇ 129 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਓਮਾਨ ਨੇ ਸਲਾਮੀ ਬੱਲੇਬਾਜ਼ਾਂ ਜਤਿੰਦਰ ਅਤੇ ਇਲਿਆਸ ਦੀ ਜ਼ੋਰਦਾਰ ਬੱਲੇਬਾਜ਼ੀ ਸਦਕਾ ਸਿਰਫ 13.4 ਓਵਰਾਂ ਵਿੱਚ ਹੀ ਬਿਨਾਂ ਵਿਕਟ ਗੁਆਏ 131 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਹਾਸਲ ਕਰ ਲਈ। ਓਮਾਨ ਲਈ ਕੌਮਾਂਤਰੀ ਟੀ-20 ਮੈਚਾਂ ਵਿੱਚ ਕਿਸੇ ਵੀ ਵਿਕਟ ਲਈ ਇਹ ਸਭ ਤੋਂ ਵੱਡੀ ਸਾਂਝਦਾਰੀ ਹੈ। ਓਮਾਨ ਟੀ-20 ਵਿਸ਼ਵ ਕੱਪ ’ਚ 10 ਵਿਕਟਾਂ ਨਾਲ ਮੈਚ ਜਿੱਤਣ ਵਾਲੀ ਤੀਜੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਇਹ ਕਾਰਨਾਮਾ ਕਰ ਚੁੱਕੀਆਂ ਹਨ। ਓਮਾਨ ਲਈ ਜਿੱਤ ਵਾਸਤੇ 130 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਵਿੱਚ ਜੰਮੇ ਜਤਿੰਦਰ ਨੇ ਆਪਣੀ 73 ਦੌੜਾਂ ਦੀ ਪਾਰੀ ਦੌਰਾਨ 42 ਗੇਂਦਾਂ ਦਾ ਸਾਹਮਣਾ ਕਰਦਿਆਂ 7 ਚੌਕੇ ਅਤੇ ਇੱਕ ਛੱਕਾ ਲਾਇਆ। ਜਦਕਿ ਇਲਿਆਸ ਨੇ 43 ਗੇਂਦਾਂ ’ਤੇ 5 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 50 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਓਮਾਨ ਵੱਲੋਂ ਗੇਂਦਬਾਜ਼ੀ ਕਰਦਿਆਂ ਕਪਤਾਨ ਜੀਸ਼ਾਨ ਮਕਸੂਦ ਨੇ 20 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਉਸ ਨੇ ਇੱਕ ਹੀ ਓਵਰ ਵਿੱਚ ਪਾਪੂਆ ਨਿਊ ਗਿਨੀ ਦੇ ਤਿੰਨ ਬੱਲੇਬਾਜ਼ਾਂ ਨੂੰ ਵੀ ਆਊਟ ਕੀਤਾ। ਕਪਤਾਨ ਅਸਦ ਵਲਾ (56) ਤੋਂ ਇਲਾਵਾ ਪਾਪੂਆ ਨਿਊ ਗਿਨੀ ਦੇ ਸਿਰਫ ਦੋ ਬੱਲੇਬਾਜ਼ ਚਾਰਲਸ ਅਮਿਨੀ (37) ਅਤੇ ਸੇਸੇ ਬਾਊ (13) ਹੀ ਦਹਾਈ ਦੇ ਅੰਕੜੇ ਤੱਕ ਪਹੁੰਚ ਸਕੇ। -ਪੀਟੀਆਈ