ਬਰਮਿੰਘਮ, 7 ਅਗਸਤ
ਅਚੰਤਾ ਸ਼ਰਤ ਕਮਲ ਤੇ ਜੀ ਸਾਥੀਆਨ ਨੇ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਡਬਲਜ਼ ’ਚ ਚਾਂਦੀ ਦਾ ਤਗ਼ਮਾ ਜਿੱਤਿਆ ਜਦਕਿ ਸ੍ਰੀਜਾ ਅਕੁਲਾ ਮਹਿਲਾ ਸਿੰਗਲਜ਼ ’ਚ ਕਾਂਸੀ ਦੇ ਤਗ਼ਮੇ ਤੋਂ ਖੁੰਝ ਗਈ। ਸ਼ਰਤ ਤੇ ਸਾਥੀਆਨ ਨੂੰ ਇੰਗਲੈਂਡ ਦੇ ਪੌਲ ਡ੍ਰਿੰਕਹਾਲ ਤੇ ਲਿਆਮ ਪਿਚਫੋਰਡ ਨੇ ਬਹੁਤ ਹੀ ਰੁਮਾਂਚਕ ਮੁਕਾਬਲੇ ’ਚ 3-2 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ।
ਭਾਰਤੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਪਹਿਲੀ ਗੇਮ 11.8 ਨਾਲ ਜਿੱਤ ਲਈ ਸੀ ਪਰ ਮੇਜ਼ਬਾਨ ਜੋੜੀ ਨੇ ਜਲਦੀ ਹੀ ਵਾਪਸੀ ਕਰਦਿਆਂ ਸਕੋਰ ਬਰਾਬਰ ਕਰ ਦਿੱਤਾ। ਇੰਗਲੈਂਡ ਦੇ ਖਿਡਾਰੀਆਂ ਨੇ ਤੀਜੀ ਗੇਮ ਜਿੱਤ ਕੇ ਲੀਡ ਹਾਸਲ ਕੀਤੀ ਪਰ ਚੌਥੀ ਗੇਮ ’ਚ ਭਾਰਤੀ ਟੀਮ ਨੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਫ਼ੈਸਲਾਕੁਨ ਗੇਮ ’ਚ ਇੰਗਲੈਂਡ ਦੀ ਜੋੜੀ ਭਾਰਤੀਆਂ ’ਤੇ ਭਾਰੀ ਪਈ ਤੇ ਇਸ ਗੇਮ ’ਚ ਹਾਰ ਕੇ ਭਾਰਤ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਦੂਜੇ ਪਾਸੇ ਭਾਰਤ ਦੀ ਸ੍ਰੀਜਾ ਅਕੁਲਾ ਨੂੰ ਅੱਜ ਇੱਥੇ ਟੇਬਲ ਟੈਨਿਸ ਮੁਕਾਬਲੇ ਦੇ ਕਾਂਸੀ ਤਗ਼ਮੇ ਦੇ ਪਲੇਅ ਆਫ ’ਚ ਆਸਟਰੇਲੀਆ ਦੀ ਯਾਂਗਜੀ ਲਿਊ ਤੋਂ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਡੇਢ ਘੰਟੇ ਤੋਂ ਵੱਧ ਸਮਾਂ ਚੱਲੇ ਇਸ ਮੁਕਾਬਲੇ ’ਚ ਵਾਪਸੀ ਕਰਨ ਦੇ ਬਾਵਜੂਦ ਸ੍ਰੀਜਾ ਹਾਰ ਗਈ। -ਪੀਟੀਆਈ
ਪੈਰਾ ਟੇਬਲ ਟੈਨਿਸ ’ਚ ਭਾਵਿਨਾ ਪਟੇਲ ਨੂੰ ਸੋਨ ਤਗ਼ਮਾ
ਭਾਰਤੀ ਪੈਰਾ ਟੇਬਲ ਟੈਨਿਸ ਖਿਡਾਰੀ ਭਾਵਿਨਾ ਪਟੇਲ ਨੇ ਇੱਥੇ ਰਾਸ਼ਟਰਮੰਡਲ ਖੇਡਾਂ ’ਚ ਮਹਿਲਾ ਸਿੰਗਲਜ਼ ‘ਵਰਗ 3-5’ ’ਚ ਸੋਨ ਤਗ਼ਮਾ ਜਦਕਿ ਸੋਨਲਬੇਨ ਮਨੂਭਾਈ ਪਟੇਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਟੋਕੀਓ ਪੈਰਾਲੰਪਿਕ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਭਾਵਿਨਾ ਨੇ ਇੱਥੇ ਫਾਈਨਲ ਵਿੱਚ ਨਾਇਜੀਰੀਆ ਦੀ ਕ੍ਰਿਸਟੀਆਨਾ ਇਕਪੇਓਈ ਨੂੰ 12-10, 11-2, 11-9 ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ 34 ਸਾਲਾ ਸੋਨਲਬੇਨ ਨੇ ਕਾਂਸੀ ਤਗ਼ਮੇ ਦੇ ਪਲੇਅ ਆਫ ’ਚ ਇੰਗਲੈਂਡ ਦੀ ਸੂ ਬੈਲੀ ਨੂੰ 11-5, 11-2, 11-3 ਨਾਲ ਹਰਾਇਆ। ਪੁਰਸ਼ ਸਿੰਗਲਜ਼ ‘ਵਰਗ 3-5’ ਦੇ ਕਾਂਸੀ ਤਗ਼ਮੇ ਦੇ ਪਲੇਅ ਆਫ ’ਚ ਹਾਲਾਂਕਿ ਰਾਜ ਅਰਵਿੰਦਨ ਅਲਾਗਰ ਨੂੰ ਨਾਇਜੀਰੀਆ ਦੇ ਇਸਾਊ ਓਗੁਨਕੁਨਲੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ