ਨਵੀਂ ਦਿੱਲੀ, 11 ਸਤੰਬਰ
ਭਾਰਤੀ ਟੇਬਲ ਟੈਨਿਸ ਫੈਡਰੇਸ਼ਨ (ਟੀਟੀਐੱਫਆਈ) ਨੇ ਖਿਡਾਰਨ ਮਨਿਕਾ ਬਤਰਾ ਵੱਲੋਂ ਕੌਮੀ ਕੋਚ ਸੌਮਿਆਦੀਪ ਰਾਏ ’ਤੇ ਲਾਏ ਮੈਚ ਫਿਕਸਿੰਗ ਦੇ ਦੋਸ਼ਾਂ ਦੀ ਜਾਂਚ ਲਈ ਸ਼ਨਿੱਚਰਵਾਰ ਨੂੰ 5 ਮੈਂਬਰੀ ਕਮੇਟੀ ਕਾਇਮ ਕੀਤੀ ਹੈ। ਟੀਟੀਐੱਫਆਈ ਦੇ ਪ੍ਰਧਾਨ ਚਿਰੰਜੀਵ ਚੌਧਰੀ ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਇਹ ਕਮੇਟੀ ਛੇ ਹਫ਼ਤਿਆਂ ’ਚ ਆਪਣੀ ਜਾਂਚ ਰਿਪੋਰਟ ਦੇਵੇਗੀ। ਕਮੇਟੀ ਕਾਇਮ ਕਰਨ ਦਾ ਫ਼ੈਸਲਾ ਟੀਟੀਐੱਫਆਈ ਦੀ ਕਾਰਜਕਾਰੀ ਕਮੇਟੀ ਦੀ ਵਰਚੁਅਲ ਮੀਟਿੰੰਗ ਦੌਰਾਨ ਕੀਤਾ ਗਿਆ। ਟੇਬਲ ਟੈਨਿਸ ਖਿਡਾਰਨ ਮਨਿਕਾ ਬਤਰਾ ਨੇ ਕਥਿਤ ਦੋਸ਼ ਲਾਇਆ ਹੈ ਕਿ ਕੋਚ ਰੌਏ ਨੇ ਮਾਰਚ ਮਹੀਨੇ ਓਲੰਪਿਕ ਕੁਆਲੀਫਾਇਰ ਦੌਰਾਨ ਉਸ ਨੂੰ ਜਾਣਬੁੱਝ ਕੇ ਮੈਚ ਹਾਰਨ ਲਈ ਕਿਹਾ ਸੀ ਅਤੇ ਇਸ ਕਰਕੇ ਉਸ ਨੇ ਟੋਕੀਓ ਓਲੰਪਿਕ ’ਚ ਆਪਣੇ ਸਿੰਗਲ ਮੈਚ ਦੌਰਾਨ ਉਸ ਦੀ ਮਦਦ ਨਹੀਂ ਲਈ ਸੀ। -ਪੀਟੀਆਈ