ਬਰਮਿੰਘਮ, 30 ਜੁਲਾਈ
ਮਨਿਕਾ ਬੱਤਰਾ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਨੇ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਗਰੁੱਪ ਦੋ ਦੇ ਮੈਚ ਵਿਚ ਗਿਆਨਾ ਨੂੰ 3-0 ਨਾਲ ਹਰਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਚਾਰ ਸਾਲ ਪਹਿਲਾਂ ਗੋਲਡ ਕੋਸਟ ਵਿਚ ਜਿੱਤੇ ਗਏ ਆਪਣੇ ਖ਼ਿਤਾਬ ਦਾ ਬਚਾਅ ਕਰਨ ਦੀ ਕਵਾਇਦ ਵਿਚ ਲੱਗੀ ਮਹਿਲਾ ਟੀਮ ਨੇ ਸ਼ੁੱਕਰਵਾਰ ਦੱਖਣੀ ਅਫ਼ਰੀਕਾ ਤੇ ਫਿਜੀ ਨੂੰ ਇਕੋ ਜਿਹੇ 3-0 ਦੇ ਫ਼ਰਕ ਨਾਲ ਹਰਾ ਕੇ ਆਪਣੀ ਜੇਤੂ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਮੁਕਾਬਲੇ ਦੇ ਦੂਜੇ ਦਿਨ ਸ਼੍ਰੀਜਾ ਅਕੁਲਾ ਤੇ ਰੀਥ ਟੇਨੀਸਨ ਦੀ ਜੋੜੀ ਨੇ ਨਤਾਲੀ ਕਮਿੰਗਸ ਤੇ ਚੈਲਸੀ ਐਡਘਿਲ ਨੂੰ 11-5, 11-7 ਨਾਲ ਹਰਾ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਮਹਿਲਾ ਸਿੰਗਲਜ਼ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਟੇਬਲ ਟੈਨਿਸ ਖਿਡਾਰੀ ਬਣੀ ਮਨਿਕਾ ਬੱਤਰਾ ਨੇ ਇਸ ਤੋਂ ਬਾਅਦ ਥੁਰਿਆ ਥਾਮਸ ਨੂੰ ਸਿੱਧੇ ਗੇਮ ਵਿਚ 11-1, 11-3, 11-3 ਨਾਲ ਹਰਾਇਆ। ਇਕ ਹੋਰ ਮੈਚ ਵਿਚ ਰੀਥ ਨੇ ਚੈਲਸੀ ਐਡਘਿਲ ਖ਼ਿਲਾਫ਼ 11-7, 14-12, 13-11 ਨਾਲ ਜਿੱਤ ਦਰਜ ਕਰ ਕੇ ਭਾਰਤ ਨੂੰ 3-0 ਦੀ ਅਜਿੱਤ ਲੀਡ ਦਿਵਾਈ। -ਪੀਟੀਆਈ