ਚੇਂਗਦੂ: ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਗਰੁੱਪ ਪੜਾਅ ਵਿੱਚ ਦੂਜਾ ਦਰਜਾ ਪ੍ਰਾਪਤ ਜਰਮਨੀ ਨੂੰ 3-1 ਨਾਲ ਹਰਾ ਕੇ ਭਾਰਤ ਨੇ ਅੱਜ ਵੱਡਾ ਉਲਟਫੇਰ ਕੀਤਾ ਹੈ। ਇਸ ਜਿੱਤ ਵਿੱਚ ਭਾਰਤੀ ਟੇਬਲ ਟੈਨਿਸ ਖਿਡਾਰੀ ਜੀ. ਸਾਥੀਆਨ ਨੇ ਆਪਣੇ ਦੋਵੇਂ ਸਿੰਗਲਜ਼ ਮੁਕਾਬਲੇ ਜਿੱਤ ਕੇ ਅਹਿਮ ਭੂਮਿਕਾ ਨਿਭਾਈ। ਦੁਨੀਆ ਦੇ 37ਵੇਂ ਦਰਜੇ ਦੇ ਭਾਰਤੀ ਖਿਡਾਰੀ ਨੇ ਪਹਿਲਾਂ 36ਵੇਂ ਦਰਜੇ ਦੇ ਡੂਡਾ ਬੈਨੇਡਿਕਟ ਨੂੰ ਹਰਾਇਆ ਅਤੇ ਮਗਰੋਂ ਨੌਵੇਂ ਦਰਜੇ ਦੇ ਖਿਡਾਰੀ ਡਾਂਗ ਕਿਊ ਖ਼ਿਲਾਫ਼ ਜਿੱਤ ਹਾਸਲ ਕੀਤੀ। ਸਾਥੀਆਨ ਨੇ ਦੋਵਾਂ ਮੈਚਾਂ ਵਿੱਚ ਪਹਿਲੇ ਦੋ ਗੇਮ ਹਾਰਨ ਮਗਰੋਂ ਜ਼ਬਰਦਸਤ ਵਾਪਸੀ ਕੀਤੀ। ਉਸ ਨੇ ਬੇਨੇਡਿਕਟ ਨੂੰ 11-13, 4-11, 11-8, 11-4, 11-9 ਅਤੇ ਡਾਂਗ ਕਿਊ ਨੂੰ 10-12, 7-11, 11-8, 11-8, 11-9 ਨਾਲ ਹਰਾਇਆ। ਹਾਲਾਂਕਿ ਭਾਰਤ ਦਾ ਦੂਜੇ ਦਰਜੇ ਦਾ ਖਿਡਾਰੀ ਹਰਮੀਤ ਦੇਸਾਈ ਦੂਜੇ ਸਿੰਗਲਜ਼ ਮੁਕਾਬਲੇ ਵਿੱਚ ਕਿਊ ਤੋਂ 1-2 ਨਾਲ ਹਾਰ ਗਿਆ। ਇਸ ਤੋਂ ਬਾਅਦ ਮਾਨਵ ਠੱਕਰ ਨੇ ਰਿਕਾਰਡੋ ਵਾਲਥਰ ਨੂੰ ਹਰਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਮਹਿਲਾ ਮੁਕਾਬਲਿਆਂ ਵਿੱਚ ਭਾਰਤ ਨੇ ਚੈੱਕ ਗਣਰਾਜ ਖ਼ਿਲਾਫ਼ 3-0 ਨਾਲ ਪਹਿਲੀ ਜਿੱਤ ਹਾਸਲ ਕੀਤੀ। ਮਨਿਕਾ ਬੱਤਰਾ ਦੀ ਅਗਵਾਈ ਵਾਲੀ ਟੀਮ ਬੀਤੇ ਦਿਨ ਜਰਮਨੀ ਤੋਂ ਹਾਰ ਗਈ ਸੀ। -ਪੀਟੀਆਈ