ਸੁਰਿੰਦਰ ਸਿੰਘ ਗੋਰਾਇਆ
ਟਾਂਡਾ, 8 ਨਵੰਬਰ
ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ ਮਾਤਾ ਸੰਤ ਕੌਰ ਯਾਦਗਾਰੀ ਜ਼ਿਲ੍ਹਾ ਪੱਧਰੀ ਬਾਸਕਟਬਾਲ ਟੂਰਨਾਮੈਂਟ ਮੇਜ਼ਬਾਨ ਟੀਮ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੇ ਨਾਂ ਰਿਹਾ। ਟਾਂਡਾ ਦੀ ਟੀਮ ਨੇ ਓਪਨ ਅਤੇ ਅੰਡਰ 19 ਵਰਗ ਦਾ ਖਿਤਾਬ ਜਿੱਤਿਆ। ਇਹ ਟੂਰਨਾਮੈਂਟ ਕਿਸਾਨ ਅੰਦੋਲਨ ਨੂੰ ਸਮਰਪਿਤ ਰਿਹਾ । ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਪੁਲੀਸ ਮੁਖੀ ਕੁਲਵੰਤ ਸਿੰਘ ਹੀਰ, ਐਡਵੋਕੇਟ ਗੁਰਪ੍ਰੀਤ ਸਿੰਘ, ਗਗਨ ਵੈਦ ਅਤੇ ਕੋਚ ਹਰਜਾਪ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।
ਟੂਰਨਾਮੈਂਟ ਦੌਰਾਨ ਅੰਡਰ 19 ਵਰਗ ਦੇ ਫਾਈਨਲ ਵਿੱਚ ਟਾਂਡਾ ਦੀ ਟੀਮ ਨੇ ਕੁਲਿੰਦਰ, ਮਨਵੀਰ ਅਤੇ ਕੁਲਦੀਪ ਦੀ ਸ਼ਾਨਦਾਰ ਖੇਡ ਨਾਲ ਲਾਜਵੰਤੀ ਕਲੱਬ ਹੁਸ਼ਿਆਰਪੁਰ ਦੀ ਟੀਮ ਨੂੰ ਹਰਾਇਆ। ਓਪਨ ਮੈਚ ਵਿੱਚ ਟਾਂਡਾ ਦੀ ਟੀਮ ਨੇ ਜੀਵਨ, ਦਿਵਾਂਸ਼ੂ, ਕੁਲਵੀਰ ਅਤੇ ਜਸਕਰਨ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਦਸੂਹਾ ਦੀ ਟੀਮ ਨੂੰ ਹਰਾਇਆ।
ਹਰਚੋਵਾਲ ਦੀਆਂ ਖੇਡਾਂ ਸ਼ੁਰੂ
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਹਰਚੋਵਾਲ ਵਿੱਚ ਤਿੰਨ ਰੋਜ਼ਾ ਖੇਡ ਮੇਲਾ ਅੱਜ ਸ਼ੁਰੂ ਹੋ ਗਿਆ ਹੈ। ਖੇਡ ਮੇਲੇ ਦੀ ਪ੍ਰਬੰਧਕ ਸੰਕਲਪ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਪੰਨੂ ਅਤੇ ਬਾਬਾ ਫ਼ਤਿਹ ਸਿੰਘ ਹਾਕੀ ਅਕੈਡਮੀ ਦੇ ਇੰਚਾਰਜ ਰਣਜੋਧ ਸਿੰਘ ਪੱਡਾ ਨੇ ਦੱਸਿਆ ਕਿ ਕਰੋਨਾ ਕਾਰਨ ਇਹ ਖੇਡਾਂ ਦੋ ਸਾਲ ਪਛੜ ਕੇ ਕਰਵਾਈਆਂ ਜਾ ਰਹੀਆਂ ਹਨ। ਖੇਡਾਂ ਦਾ ਆਗਾਜ਼ ਕਰਨ ਲਈ ਅੰਤਰਰਾਸ਼ਟਰੀ ਖਿਡਾਰਨ ਅਤੇ ਡੀਐੱਸਪੀ ਬਟਾਲਾ ਖੁਸ਼ਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੀ। ਉਦਘਾਟਨੀ ਸਮਾਗਮ ਵਿੱਚ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਪੁੱਤਰ ਹਰਜਿੰਦਰ ਸਿੰਘ ਹੈਰੀ, ਬਾਬਾ ਬਲਵਿੰਦਰ ਸਿੰਘ, ਅੰਤਰਰਾਸ਼ਟਰੀ ਕੋਚ ਮਹਿੰਦਰ ਸਿੰਘ, ਸਰਪੰਚ ਹਰਭੇਜ ਸਿੰਘ, ਸਰਪੰਚ ਹਰਨੇਕ ਸਿੰਘ ਤੇ ਹੋਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਅੱਜ ਲੜਕੀਆਂ ਦੇ ਅਥਲੈਟਿਕ ਮੁਕਾਬਲਿਆਂ ’ਚੋਂ ਜੇਤੂ ਰਹਿਣ ਵਾਲੀਆਂ ਲੜਕੀਆਂ ਨੂੰ ਨਕਦ ਇਨਾਮ ਅਤੇ ਰਟਾਫੀਆਂ ਭੇਜ ਕੀਤੀਆਂ ਗਈਆਂ।