ਪਟਿਆਲਾ (ਰਵੇਲ ਸਿੰਘ ਭਿੰਡਰ): ਇਥੇ ਕੌਮੀ ਖੇਡ ਸੰਸਥਾ ਐੱਨਆਈਐੱਸ ਵਿੱਚ ਚੱਲ ਰਹੀ ਨੈਸ਼ਨਲ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਦੇ ਤੀਜੇ ਦਿਨ ਅੱਜ ਮਹਾਰਾਸ਼ਟਰ ਦੇ ਅਵਿਨਾਸ਼ ਸਾਬਲੇ ਨੇ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਨੂੰ 8 ਮਿੰਟ 20.20 ਸੈਕਿੰਡ ਵਿੱਚ ਸਰ ਕਰਕੇ ਨਵਾਂ ਰਾਸ਼ਟਰੀ ਰਿਕਾਰਡ ਬਣਾਉਣ ’ਚ ਕਾਮਯਾਬੀ ਹਾਸਲ ਕੀਤੀ ਹੈ। ਇਸੇ ਤਰ੍ਹਾਂ ਪੰਜਾਬ ਦੇ ਸ਼ਾਟ ਪੁੱਟਰ ਤੇਜਿੰਦਰਪਾਲ ਸਿੰੰਘ ਤੂਰ ਨੇ 20.58 ਮੀਟਰ ਨਾਲ ਸੋਨ ਤਗਮਾ ਹਾਸਲ ਕੀਤਾ ਅਤੇ ਜੈਵਲਿਨ ਥਰੋਅ ’ਚ ਹਰਿਆਣਾ ਦੇ ਨੀਰਜ ਚੋਪੜਾ ਨੇ 87.80 ਮੀਟਰ ਨਾਲ ਨਵਾਂ ਰਿਕਾਰਡ ਬਣਾਇਆ। ਕੌਮੀ ਅਥਲੈਟਿਕਸ ਪਿੜ ਦੇ ਹੋਰ ਨਤੀਜਿਆਂ ’ਚ ਪੁਰਸ਼ਾਂ ਦੀ 10,000 ਮੀਟਰ ਦੌੜ ’ਚੋਂ ਅਭਿਸ਼ੇਕ ਪਾਲ ਪਹਿਲੇ ਸਥਾਨ, ਕਾਰਤਿਕ ਕੁਮਾਰ ਦੂਜੇ ਅਤੇ ਅਰਜੁਨ ਕੁਮਾਰ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 110 ਮੀਟਰ ਅੜਿੱਕਾ ਦੌੜ ’ਚੋਂ ਤਾਮਿਲਨਾਡੂ ਦੀ ਪੀ. ਵੀਰਮਾਨੀ ਨੇ ਸੋਨ ਤਗਮਾ ਹਾਸਲ ਕੀਤਾ। ਉੱਚੀ ਛਾਲ ’ਚੋਂ ਸੋਨੇ ਦਾ ਤਗਮਾ ਮਹਾਰਾਸ਼ਟਰ ਦੇ ਸਰਵੇਸ਼ ਅਨਿਲ ਕੁਸ਼ਾਰੇ ਦੇ ਹਿੱਸੇ ਰਿਹਾ। ਮਹਿਲਾਵਾਂ ਦੀ 100 ਮੀਟਰ ਅੜਿੱਕਾ ਦੌੜ ’ਚ ਤਾਮਿਲਨਾਡੂ ਦੀ ਸੀ ਕਨੀਮੋਜ਼ੀ ਮੋਹਰੀ ਰਹੀ ਜਦੋਂ ਕਿ ਦੂਜਾ ਸਥਾਨ ਤੇਲੰਗਾਨਾ ਦੀ ਅਗਾਸਰਾ ਨੰਦਿਨੀ ਦੇ ਹਿੱਸੇ ਰਿਹਾ।