ਮੈਲਬਰਨ, 16 ਜਨਵਰੀ
ਭਾਰਤ ਦੇ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਅੱਜ ਇੱਥੇ ਦੁਨੀਆ ਦੇ 27ਵੇਂ ਨੰਬਰ ਦੇ ਖਿਡਾਰੀ ਕਜ਼ਾਖਸਤਾਨ ਦੇ ਅਲੈਗਜ਼ੈਂਡਰ ਬੁਬਲਿਕ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਆਸਟਰੇਲੀਅਨ ਓਪਨ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾਈ। ਉਸ ਨੇ ਦੋ ਘੰਟੇ 38 ਮਿੰਟ ਤੱਕ ਚੱਲੇ ਮੈਚ ਵਿੱਚ 31ਵਾਂ ਦਰਜਾ ਪ੍ਰਾਪਤ ਬੁਬਲਿਕ ਨੂੰ 6-4 6-2 7-6 (7-5) ਨਾਲ ਹਰਾਇਆ। ਨਾਗਲ ਆਸਟਰੇਲੀਅਨ ਓਪਨ ’ਚ ਪਹਿਲੀ ਵਾਰ ਦੂਜੇ ਗੇੜ ਵਿੱਚ ਪਹੁੰਚਿਆ ਹੈ। ਉਹ 2021 ਵਿੱਚ ਪਹਿਲੇ ਗੇੜ ’ਚੋਂ ਬਾਹਰ ਹੋ ਗਿਆ ਸੀ। ਵਿਸ਼ਵ ਰੈਂਕਿੰਗ ’ਚ 139ਵੇਂ ਸਥਾਨ ’ਤੇ ਕਾਬਜ਼ ਨਾਗਲ ਆਪਣੇ ਕਰੀਅਰ ’ਚ ਦੂਜੀ ਵਾਰ ਕਿਸੇ ਗਰੈਂਡ ਸਲੈਮ ਦਾ ਦੂਜਾ ਗੇੜ ਖੇਡੇਗਾ। ਉਸ ਨੂੰ 2020 ਯੂਐਸ ਓਪਨ ਦੇ ਦੂਜੇ ਗੇੜ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਾਗਲ ਦੀ ਜਿੱਤ ਦੇ ਨਾਲ 35 ਸਾਲਾਂ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਨੇ ਗਰੈਂਡ ਸਲੈਮ ਸਿੰਗਲਜ਼ ਵਿੱਚ ਕਿਸੇ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾਇਆ ਹੈ। ਆਖਰੀ ਵਾਰ 1989 ਵਿੱਚ ਰਮੇਸ਼ ਕ੍ਰਿਸ਼ਨਨ ਨੇ ਮੈਟ ਵਿਲੈਂਡਰ ਨੂੰ ਹਰਾਇਆ ਸੀ। ਇਸੇ ਦੌਰਾਨ ਸਿਖਰਲੀ ਰੈਂਕਿੰਗ ਵਾਲੀ ਇਗਾ ਸਵਿਆਤੇਕ ਨੇ ਸਾਬਕਾ ਚੈਂਪੀਅਨ ਸੋਫੀਆ ਕੇਨਿਨ ਨੂੰ 7-6 (2), 6-2 ਨਾਲ ਮਾਤ ਦੇ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਚਾਰ ਸਾਲ ਪਹਿਲਾਂ ਇੱਥੇ ਖਿਤਾਬ ਜਿੱਤਣ ਵਾਲੀ ਕੇਨਿਨ ਨੇ ਪਹਿਲੇ ਸੈੱਟ ਵਿੱਚ ਸਖ਼ਤ ਚੁਣੌਤੀ ਦਿੱਤੀ ਪਰ ਟਾਈਬ੍ਰੇਕਰ ਵਿੱਚ ਸਵਿਆਤੇਕ ਨੇ ਜਿੱਤ ਦਰਜ ਕੀਤੀ। -ਪੀਟੀਆਈ