ਨਵੀਂ ਦਿੱਲੀ, 10 ਜੂਨ
ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਅੱਜ ਜਾਰੀ ਏਟੀਪੀ ਦਰਜਾਬੰਦੀ ਵਿੱਚ 18 ਸਥਾਨ ਉਪਰ 77ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਪੈਰਿਸ ਓਲੰਪਿਕ ਦੇ ਪੁਰਸ਼ ਸਿੰਗਲਜ਼ ਡਰਾਅ ਵਿੱਚ ਉਸ ਦੀ ਜਗ੍ਹਾ ਲਗਪਗ ਪੱਕੀ ਹੋ ਗਈ ਹੈ। ਨਾਗਲ ਦੇ 713 ਏਟੀਪੀ ਅੰਕ ਹਨ। ਉਸ ਨੇ ਐਤਵਾਰ ਨੂੰ ਜਰਮਨੀ ’ਚ ਹੀਲਬਰੋਨ ਨੇਕਰਕਪ 2024 ਚੈਲੰਜਰ ਟੂਰਨਾਮੈਂਟ ’ਚ ਪੁਰਸ਼ ਸਿੰਗਲ ਦਾ ਖਿਤਾਬ ਜਿੱਤ ਕੇ ਰੈਂਕਿੰਗ ’ਚ 18 ਸਥਾਨਾਂ ਦੀ ਛਾਲ ਮਾਰੀ ਹੈ। ਨਾਗਲ ਨੇ ਐਤਵਾਰ ਨੂੰ ਤਿੰਨ ਸੈੱਟਾਂ ਤੱਕ ਚੱਲੇ ਫਾਈਨਲ ਮੁਕਾਬਲੇ ਵਿੱਚ ਸਵਿਟਜ਼ਰਲੈਂਡ ਦੇ ਅਲੈਗਜ਼ੈਂਡਰ ਰਿਚਰਡ ਨੂੰ ਦੋ ਘੰਟੇ 22 ਮਿੰਟ ਵਿੱਚ 6-1, 6(5)-7, 6-3 ਨਾਲ ਹਰਾਇਆ। ਪੈਰਿਸ ਓਲੰਪਿਕ ਲਈ ਐਂਟਰੀਆਂ ਦਾ ਫੈਸਲਾ ਅੱਜ ਜਾਰੀ ਕੀਤੀ ਗਈ ਰੈਂਕਿੰਗ ਦੇ ਆਧਾਰ ’ਤੇ ਹੀ ਕੀਤਾ ਜਾਵੇਗਾ। ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੇ ਮਾਪਦੰਡ ਅਨੁਸਾਰ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ ਸਿਖਰਲੇ 56 ਖਿਡਾਰੀ ਓਲੰਪਿਕ ਲਈ ਕੁਆਲੀਫਾਈ ਕਰਨਗੇ ਪਰ ਹਰ ਦੇਸ਼ ਦੇ ਵੱਧ ਤੋਂ ਵੱਧ ਚਾਰ ਖਿਡਾਰੀ ਹੀ ਓਲੰਪਿਕ ਲਈ ਕੁਆਲੀਫਾਈ ਕਰ ਸਕਣਗੇ ਅਤੇ ਇਹ ਨਿਯਮ ਹੇਠਲੀ ਰੈਂਕਿੰਗ ਵਾਲੇ ਖਿਡਾਰੀਆਂ ਨੂੰ ਡਰਾਅ ਵਿੱਚ ਜਗ੍ਹਾ ਬਣਾਉਣ ਦਾ ਮੌਕਾ ਦੇਵੇਗਾ। ਨਾਗਲ ਡਰਾਅ ਵਿੱਚ ਜਗ੍ਹਾ ਬਣਾਉਣ ਦੀ ਚੰਗੀ ਸਥਿਤੀ ਵਿੱਚ ਹੈ। ਭਾਰਤ ਲਈ ਓਲੰਪਿਕ ਦੇ ਮੁੱਖ ਡਰਾਅ ਵਿੱਚ ਜਗ੍ਹਾ ਬਣਾਉਣ ਵਾਲਾ ਆਖਰੀ ਖਿਡਾਰੀ ਸੋਮਦੇਵ ਦੇਵਵਰਮਨ ਸੀ ਜਿਸ ਨੇ ਵਾਈਲਡ ਕਾਰਡ ਦੀ ਬਦੌਲਤ 2012 ਓਲੰਪਿਕ ਵਿੱਚ ਅਜਿਹਾ ਕੀਤਾ ਸੀ। -ਪੀਟੀਆਈ