ਨਿਊਯਾਰਕ, 9 ਸਤੰਬਰ
ਪਿਛਲੇ ਦਿਨੀਂ ਡੋਪਿੰਗ ਮਾਮਲੇ ’ਚ ਦੋਸ਼ ਮੁਕਤ ਹੋਣ ਵਾਲੇ ਦੁਨੀਆ ਦੇ ਨੰਬਰ ਇੱਕ ਖਿਡਾਰੀ ਯਾਨਿਕ ਸਿਨਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਆਂ ਅਮਰੀਕਾ ਦੇ ਟੇਲਰ ਫ੍ਰਿੱਟਜ਼ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਵਿੱਚ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤਿਆ। ਸਿਨਰ ਨੇ ਆਰਥਰ ਐਸ਼ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ’ਚ 12ਵਾਂ ਦਰਜਾ ਪ੍ਰਾਪਤ ਫ੍ਰਿਟਜ਼ ਖ਼ਿਲਾਫ਼ ਆਪਣੇ ਬੇਸਲਾਈਨ ਦੇ ਖੇਡ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ ਅਤੇ 6-3, 6-4, 7-5 ਨਾਲ ਜਿੱਤ ਦਰਜ ਕੀਤੀ, ਜਿਸ ਨਾਲ ਅਮਰੀਕਾ ਦੀ ਸਾਲ ਦੇ ਇਸ ਆਖ਼ਰੀ ਗਰੈਂਡ ਸਲੈਮ ਟੂਰਨਾਮੈਂਟ ਵਿੱਚ ਪੁਰਸ਼ ਸਿੰਗਲਜ਼ ਦਾ ਖਿਤਾਬ ਜਿੱਤਣ ਦੀ ਪਿਛਲੇ 21 ਸਾਲਾਂ ਤੋਂ ਹੋ ਰਹੀ ਉਡੀਕ ਹੋਰ ਵਧ ਗਈ ਹੈ। ਇਟਲੀ ਦੇ 23 ਸਾਲਾ ਸਿਨਰ ਨੇ ਕਿਹਾ, ‘ਮੇਰੇ ਲਈ ਇਹ ਟਰਾਫੀ ਕਾਫ਼ੀ ਮਾਇਨੇ ਰੱਖਦੀ ਹੈ ਕਿਉਂਕਿ ਮੇਰੇ ਕਰੀਅਰ ਦਾ ਪਿਛਲਾ ਕੁੱਝ ਸਮਾਂ ਕਾਫੀ ਮੁਸ਼ਕਲਾਂ ਭਰਿਆ ਸੀ।’ ਸਿਨਰ ਦੇ ਕਰੀਅਰ ਦਾ ਇਹ ਦੂਜਾ ਗਰੈਂਡ ਸਲੈਮ ਹੈ। ਉਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਸਟਰੇਲਿਆਈ ਓਪਨ ਵਿੱਚ ਵੀ ਪੁਰਸ਼ ਸਿੰਗਲਜ਼ ਦੀ ਟਰਾਫੀ ਜਿੱਤੀ ਸੀ। -ਪੀਟੀਆਈ